ਚੰਨੀ ਦੇ ਹੱਕ ‘ਚ ਨਿੱਤਰੇ ਸੁਖਜਿੰਦਰ ਰੰਧਾਵਾ, ਦਿੱਤਾ ‘Unity is Strength’ ਦਾ ਨਾਅਰਾ
– ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ
– ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਨੇ ਬਣਾਈ ਦੂਰੀ?
ਚੰਡੀਗੜ੍ਹ, 6 ਜੁਲਾਈ 2026 (ਵਿਸ਼ਵ ਵਾਰਤਾ)– ਪੰਜਾਬ ਕਾਂਗਰਸ ਵਿੱਚ ਜਾਰੀ ਕਾਟੋ -ਕਲੇਸ ਵਿਚਾਲੇ ਅੱਜ ਪ੍ਰਦੇਸ਼ ਪ੍ਰਭਾਰੀ ਭੂਪੇਸ਼ ਬਘੇਲ ਚੰਡੀਗੜ੍ਹ ਆ ਰਹੇ ਹਨ। ਪਰ ਇਸ ਤੋਂ ਪਹਿਲਾਂ ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ CM ਚਰਨਜੀਤ ਚੰਨੀ ਦੇ ਹੱਕ ਵਿੱਚ ਨਿੱਤਰ ਆਏ ਹਨ।

ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਕੈਂਪੇਨ ਕਮੇਟੀ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਕੋਰ ਕਮੇਟੀ ਦੇ ਚੇਅਰਮੈਨ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੀ ਟੀਮ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਅੱਜ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਚੋਣ ਰਣਨੀਤੀ, ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੇ ਪ੍ਰੋਗਰਾਮਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਜਿਸ ਬੈਠਕ ਵਿੱਚ ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਅਤੇ ਨਵੇਂ ਵਰਕਿੰਗ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਵੀ ਮੌਜੂਦ ਰਹੇ। ਰੰਧਾਵਾ ਅਤੇ ਚੰਨੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਵਿੱਚ ਚੰਨੀ ਦੇ ਨਾਲ ਸੰਸਦ ਮੈਂਬਰ ਰੰਧਾਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਸਮੇਤ ਹੋਰ ਆਗੂ ਨਜ਼ਰ ਆ ਰਹੇ ਹਨ। ਕੈਪਸ਼ਨ ਵਿੱਚ ‘ਯੂਨਿਟੀ ਇਜ਼ ਸਟ੍ਰੈਂਥ’ (Unity is strength) ਲਿਖਿਆ ਹੈ। ਇਸ ਫੋਟੋ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਮੌਜੂਦ ਨਹੀਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























