ਨਤੀਜਿਆਂ ਦੇ ਤੁਰੰਤ ਬਾਅਦ ਲੋਕਾਂ ‘ਚ ਜਾਣ ਲਈ ‘ਆਪ’ ਨੇ ਕਸੀ ਕਮਰ
ਚੰਡੀਗੜ੍ਹ, 22 ਮਈ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੋਕ ਸਭਾ ਚੋਣਾ ਦੇ ਨਤੀਜੇ ਘੋਸ਼ਿਤ ਹੋਣ ਤੋਂ 36 ਘੰਟੇ ਪਹਿਲਾਂ ਅਹਿਮ ਬੈਠਕ ਬੁਲਾ ਕੇ ਜਿੱਥੇ ਇਨ੍ਹਾਂ ਚੋਣਾਂ ਨੂੰ ਕੈਪਟਨ ਅਤੇ ਬਾਦਲਾਂ ਵੱਲੋਂ ਰਲ ਕੇ ਖੇਡੀ ਗਈ ਨੂਰਾਕੁਸ਼ਤੀ (ਫਰੈਂਡਲੀ ਮੈਚ) ਕਰਾਰ ਦਿੱਤਾ, ਉੱਥੇ ਅਗਲੇ ਦਿਨਾਂ ਲਈ ਪਾਰਟੀ ਦੀਆਂ ਸਰਕਾਰ ਵਿਰੁੱਧ ਹਮਲਾਵਰ ਗਤੀਵਿਧੀਆਂ ਦੀ ਰੂਪ ਰੇਖਾ ‘ਤੇ ਵਿਚਾਰ ਚਰਚਾ ਕੀਤੀ।
ਚੰਡੀਗੜ੍ਹ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਸਮੇਤ ਇਸ ਬੈਠਕ ‘ਚ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਜੈ ਕਿਸਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਕੋਰ ਕਮੇਟੀ ਮੈਂਬਰ ਦਲਬੀਰ ਸਿੰਘ ਢਿੱਲੋਂ, ਖ਼ਜ਼ਾਨਚੀ ਸੁਖਵਿੰਦਰ ਪਾਲ ਸੁੱਖੀ, ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਸਟੇਟ ਮੀਡੀਆ ਹੈੱਡ ਮਨਜੀਤ ਸਿੰਘ ਸਿੱਧੂ ਮੌਜੂਦ ਸਨ।
ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਅਨੁਸਾਰ ਬੈਠਕ ‘ਚ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਪ੍ਰਤੀ ਦਿਖਾਏ ਗਏ ਉਤਸ਼ਾਹ ਨੂੰ ਲੀਡਰਸ਼ਿਪ ਲਈ ਵੱਡੇ ਹੌਸਲੇ ਵਜੋਂ ਵਿਚਾਰਿਆ ਗਿਆ। ਫ਼ੈਸਲਾ ਕੀਤਾ ਗਿਆ ਕਿ ਚੋਣ ਨਤੀਜੇ ਕੁੱਝ ਵੀ ਹੋਣ ਪਾਰਟੀ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਹੇਠ ਸਾਰੇ ਜ਼ਿਲ੍ਹਿਆਂ ‘ਚ ਲੋਕਾਂ ਲਈ ਧੰਨਵਾਦੀ ਪ੍ਰੋਗਰਾਮ ਕਰੇਗੀ। ਬਿਜਲੀ ਦਰਾਂ ‘ਚ ਹੋਰ ਵਾਧੇ ਸੰਬੰਧੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਅਜਿਹਾ ਕੀਤਾ ਤਾਂ ‘ਆਪ’ ਸਰਕਾਰ ਦੇ ਨੱਕ ‘ਚ ਦਮ ਕਰ ਦੇਵੇਗੀ।
ਬੈਠਕ ਦੌਰਾਨ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ‘ਸਿਟ’ ‘ਚ ਕੁਵੰਰ ਵਿਜੈ ਪ੍ਰਤਾਪ ਸਿੰਘ ਨੂੰ ਚੋਣ ਜ਼ਾਬਤੇ ਤੋਂ ਤੁਰੰਤ ਬਾਅਦ ਮੁੜ ਤਫ਼ਤੀਸ਼ ਮੈਂਬਰ ਲੈਣ ਲਈ ਸਰਕਾਰ ‘ਤੇ ਦਬਾਅ ਬਣਾਉਣ ਦੀ ਰਣਨੀਤੀ ਤੈਅ ਕੀਤੀ ਗਈ।
ਬੈਠਕ ਦੌਰਾਨ ਜਿੱਥੇ ਨਵਜੋਤ ਸਿੰਘ ਸਿੱਧੂ ਦੇ ‘ਫਰੈਂਡਲੀ ਮੈਚ’ ਬਿਆਨ ਨੂੰ ‘ਆਪ’ ਵੱਲੋਂ ਸਾਢੇ ਤਿੰਨ ਸਾਲਾਂ ਤੋਂ ਲਗਾਏ ਜਾਂਦੇ ਦੋਸ਼ਾਂ ‘ਤੇ ਮੋਹਰ ਕਰਾਰ ਦਿੱਤਾ।
ਬੈਠਕ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਆਪ’ ਦੇ ਵਿਧਾਇਕ ਤੋੜ ਕੇ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਵਿਰੋਧੀ ਧਿਰ ਦੀ ਕੁਰਸੀ ‘ਤੇ ਬਿਠਾਏ ਜਾਣ ਦੇ ਮਨਸੂਬਿਆਂ ਨੂੰ ਘਰ-ਘਰ ਪਹੁੰਚਾਉਣ ‘ਤੇ ਵਿਚਾਰ ਚਰਚੇ ਹੋਏ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਦੀ ਪ੍ਰਵਾਹ ਕੀਤੇ ਬਿਨਾਂ ਲੋਕ ਮੁੱਦਿਆਂ ਦੀ ਲੜਾਈ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।
ਬੈਠਕ ‘ਚ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਗਈ ਕਿ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਇੱਕ ਵੀ ਉਮੀਦਵਾਰ ਵੱਲੋਂ ਵੋਟਰਾਂ ਨੂੰ ਸ਼ਰਾਬ, ਨਸ਼ਿਆਂ ਅਤੇ ਪੈਸੇ ਨਾਲ ਖ਼ਰੀਦਣ ਦਾ ਯਤਨ ਨਹੀਂ ਕੀਤਾ ਗਿਆ। ਜਦਕਿ ਸੱਤਾਧਾਰੀ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਉਮੀਦਵਾਰ ਨੇ ਵੋਟਰਾਂ ਨੂੰ ਭਰਮਾਉਣ ਲਈ ਸਰਕਾਰੀ ਮਸ਼ੀਨਰੀ, ਪੈਸੇ ਨਸ਼ੇ ਅਤੇ ਸ਼ਰਾਬ ਦੀ ਅੰਨ੍ਹੇਵਾਹ ਦੁਰਵਰਤੋਂ ਕੀਤੀ, ਜੋ ਲੋਕਤੰਤਰ ਵਿਵਸਥਾ ਨੂੰ ਕਮਜ਼ੋਰ ਕਰਨ ਵਾਲੀ ਨਿਖੇਧੀ ਜਨਕ ਹੱਥਕੰਡਾ ਹੈ।