ਅਮਰੀਕਾ: ਮਾਲ ਦੇ ਅੰਦਰ ਅੰਨ੍ਹੇਵਾਹ ਗੋਲੀਬਾਰੀ! ਦੋ ਲੋਕਾਂ ਦੀ ਮੌਤ
ਅਮਰੀਕਾ ਦੇ ਮਿਸ਼ੀਗਨ ਰਾਜ ਦੇ ਡੀਅਰਬੌਰਨ ਸ਼ਹਿਰ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਪੁਲਿਸ ਨੇ ਦੱਸਿਆ ਕਿ ਨੌਜਵਾਨਾਂ ਦੇ ਦੋ ਗੁੱਟਾਂ ਵਿਚਾਲੇ ਹੋਈ ਇਸ ਹਿੰਸਕ ਝੜਪ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਇਹ ਘਟਨਾ ਫੇਅਰਲੇਨ ਟਾਊਨ ਸੈਂਟਰ ਮਾਲ ਵਿੱਚ ਵਾਪਰੀ।
ਮਾਲ ਵਿੱਚ ਜਦੋਂ ਗੋਲੀਆਂ ਚੱਲੀਆਂ, ਤਾਂ ਉੱਥੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਡੀਅਰਬੌਰਨ ਦੇ ਪੁਲਿਸ ਮੁਖੀ ਈਸਾ ਸ਼ਾਹੀਨ ਨੇ ਜਾਣਕਾਰੀ ਦਿੱਤੀ ਕਿ ਭੱਜਣ ਦੀ ਕੋਸ਼ਿਸ਼ ਵਿੱਚ ਇੱਕ ਵਿਅਕਤੀ ਮਾਲ ਦੇ ਬਾਹਰ ਇੱਕ ਵਾਹਨ ਦੀ ਟੱਕਰ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲਿਸ ਨੇ ਝਗੜੇ ਨਾਲ ਜੁੜੇ ਕੁਝ ਸ਼ੱਕੀ ਲੋਕਾਂ ਤੋਂ ਥਾਣੇ ਵਿੱਚ ਪੁੱਛਗਿੱਛ ਕੀਤੀ ਹੈ, ਪਰ ਫਿਲਹਾਲ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
ਪੁਲਿਸ ਮੁਖੀ ਨੇ ਸਪੱਸ਼ਟ ਕੀਤਾ ਕਿ ਦੋਵੇਂ ਗੁੱਟ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਮਾਲ ਵਿੱਚ ਆਹਮੋ – ਸਾਹਮਣੇ ਹੋਣ ‘ਤੇ ਉਨ੍ਹਾਂ ਵਿਚਕਾਰ ਝਗੜਾ ਸ਼ੁਰੂ ਹੋਇਆ, ਜੋ ਦੇਖਦੇ ਹੀ ਦੇਖਦੇ ਗੋਲੀਬਾਰੀ ਵਿੱਚ ਬਦਲ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਗੁੱਟਾਂ ਦੇ ਮੈਂਬਰਾਂ ਕੋਲ ਪਿਸਤੌਲ ਸਨ। ਇਸ ਗੋਲੀਬਾਰੀ ਵਿੱਚ ਇੱਕ ਪੀੜਤ ਦੀ ਮੌਤ ਮਾਲ ਦੇ ਅੰਦਰ ਹੀ ਹੋ ਗਈ, ਜਦੋਂ ਕਿ ਦੂਜੇ ਵਿਅਕਤੀ ਨੇ ਨੇੜੇ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਤੀਜੇ ਵਿਅਕਤੀ ਦੀ ਹਾਲਤ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।























