ਐਸ.ਐਸ.ਨਗਰ, 20 ਮਈ – ਜ਼ਿਲ੍ਹਾ ਪੁਲੀਸ ਨੇ ਸਮੂਹਿਕ ਜਬਰ ਜਨਾਹ ਦੇ ਇਕ ਕੇਸ ਵਿੱਚ ਦੂਜੇ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਕਪਤਾਨ ਪੁਲਿਸ (ਸ਼ਹਿਰੀ), ਜ਼ਿਲ੍ਹਾ ਐਸ.ਏ.ਐਸ. ਨਗਰ ਹਰਵਿੰਦਰ ਸਿੰਘ ਵਿਰਕ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਦੱਸਿਆ ਕਿ ਪੀੜਤ ਲੜਕੀ ਨੇ ਮਿਤੀ 16 ਮਈ 2019 ਨੂੰ ਥਾਣਾ ਫੇਜ਼-11 ਮੁਹਾਲੀ ਵਿਖੇ ਬਿਆਨ ਦਰਜ ਕਰਵਾਇਆ ਕਿ ਉਹ ਸਾਲ 2018 ਵਿੱਚ ਇੰਡਸਟਰੀਅਲ ਏਰੀਆ ਫੇਜ਼-9 ਮੁਹਾਲੀ ਵਿਖੇ ਇਕ ਕੰਪਨੀ ਵਿੱਚ ਰਿਸੈਪਸ਼ਨ ਉਤੇ ਨੌਕਰੀ ਕਰਦੀ ਸੀ, ਉਸੇ ਕੰਪਨੀ ਵਿੱਚ ਕੰਮ ਕਰਦੇ ਗੁੱਡੂ ਉਰਫ ਬਾਲ ਕ੍ਰਿਸ਼ਨ ਨਾਲ ਉਸ ਦੀ ਜਾਣ-ਪਛਾਣ ਹੋ ਗਈ ਸੀ। ਮਿਤੀ 13 ਮਈ 2019 ਨੂੰ ਉਸ ਦੀ ਕੰਪੀਟੈਂਟ ਕੰਪਨੀ ਸੈਕਟਰ 67 ਮੁਹਾਲੀ ਵਿੱਚ ਨੌਕਰੀ ਲਈ ਇੰਟਰਵਿਊ ਸੀ, ਜਿਥੇ ਉਸ ਨੇ ਆਪਣੇ ਜਾਣ ਪਛਾਣ ਵਾਲੇ ਗੁੱਡੂ ਨੂੰ ਬੁਲਾਇਆ ਸੀ । ਸ਼ਾਮ ਨੂੰ ਇੰਟਰਵਿਊ ਖ਼ਤਮ ਹੋਣ ਮਗਰੋਂ ਉਹ ਗੁੱਡੂ ਨਾਲ ਉਸ ਦੇ ਦੋਸਤ ਬਲਕੌਰ ਸਿੰਘ ਉਰਫ ਚੰਡੀਗੜ੍ਹ ਦੇ ਕਮਰੇ ਵਿੱਚ ਫ਼ੇਜ਼-11 ਮੁਹਾਲੀ ਵਿਖੇ ਚਲੇ ਗਏ, ਜਿੱਥੇ ਪੀੜਤ ਲੜਕੀ ਨੂੰ ਚਾਕੂ ਨਾਲ ਡਰਾਅ ਧਮਕਾ ਕੇ ਉਸ ਨਾਲ ਰਾਜਾ, ਖੂਨੀਆ ਅਤੇ ਅਨਮੋਲ ਨੇ ਜਬਰ-ਜਨਾਹ ਕੀਤਾ ਸੀ।
ਪੀੜਤ ਲੜਕੀ ਦੇ ਬਿਆਨ ਉਤੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376 ਡੀ, 342 ਤੇ 34 ਤਹਿਤ ਕੇਸ ਦਰਜ ਕਰਕੇ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਲੇਡੀ ਥਾਣੇਦਾਰ ਗਗਨਦੀਪ ਕੌਰ ਨੇ ਕੀਤੀ, ਜਿਸ ਦੌਰਾਨ ਮੁਲਜ਼ਮ ਰਾਜਾ ਵਾਸੀ ਮਕਾਨ ਨੰਬਰ 4498/ਬੀ, ਸੈਕਟਰ 46 ਚੰਡੀਗੜ੍ਹ ਨੁੂੰ ਮਿਤੀ 17 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਜੁਡੀਸ਼ਲ ਰਿਮਾਂਡ ਅਧੀਨ ਰੂਪਨਗਰ ਜੇਲ੍ਹ ਵਿੱਚ ਬੰਦ ਹੈ ਅਤੇ ਮੁਲਜ਼ਮ ਖੂਨੀਆ ਉਰਫ ਸੋਨੂੰ ਵਾਸੀ ਮਕਾਨ ਨੰਬਰ 1394 ਅੰਬ ਸਾਹਿਬ ਕਲੋਨੀ ਨੂੰ ਮਿਤੀ 19 ਮਈ 2019 ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਅਦਾਲਤ ਮੁਹਾਲੀ ਦੇ ਹੁਕਮ ਅਨੁਸਾਰ ਇਕ ਦਿਨ ਦੇ ਪੁਲਿਸ ਰਿਮਾਂਡ ਉਤੇ ਹੈ।