ਭਾਰੀ ਮਤਦਾਨ ਲਈ ਸੰਗਰੂਰ-ਬਠਿੰਡਾ ਸਮੇਤ ਪੰਜਾਬ ਦੇ ਲੋਕਾਂ ਦਾ ਕੀਤਾ ਧੰਨਵਾਦ
ਕਾਂਗਰਸ ਅਤੇ ਬਾਦਲਾਂ ਨੇ ਸੱਤਾ ਦੀ ਤਾਕਤ ਅਤੇ ਲੁੱਟ ਦੇ ਪੈਸੇ ਦੀ ਕੀਤੀ ਅੰਨ੍ਹੀ ਦੁਰਵਰਤੋਂ
ਚੰਡੀਗੜ੍ਹ, 20 ਮਈ – ਆਮ ਆਦਮੀ ਪਾਰਟੀ (ਆਪ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਖ਼ਾਸ ਕਰਕੇ ਸੰਗਰੂਰ ਅਤੇ ਬਠਿੰਡਾ ਦੇ ਵੋਟਰਾਂ ਵੱਲੋਂ ਭਾਰੀ ਉਤਸ਼ਾਹ ਨਾਲ ਕੀਤੇ ਮਤਦਾਨ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸਮੂਹ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਫ਼-ਸੁਥਰੇ ਅਤੇ ਲੋਕ ਹਿਤੈਸ਼ੀ ਮਿਸ਼ਨ ‘ਤੇ ਪਹਿਰਾ ਦਿੰਦੇ ਹੋਏ ਪੰਜਾਬ ਅਤੇ ਪੰਜਾਬੀਆਂ ਦੇ ਉਹ ਸਾਰੇ ਮੁੱਦੇ ਅਤੇ ਮਸਲੇ ਆਪਣੇ ਚੋਣ ਪ੍ਰਚਾਰ ਦਾ ਕੇਂਦਰ ਬਿੰਦੂ ਬਣਾਏ ਜਿੰਨਾ ਦਾ ਸਿੱਧਾ ਸੰਬੰਧ ਹਰੇਕ ਵਰਗ ਅਤੇ ਹਰ ਘਰ ਦੇ ਚੁੱਲ੍ਹੇ ਨਾਲ ਜੁੜਿਆ ਹੋਇਆ ਹੈ। ਇਸ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ, ਬਹਿਬਲ ਕਲਾਂ, ਕੋਟਕਪੂਰਾ ਅਤੇ ਸਾਢੇ ਤਿੰਨ ਦਹਾਕੇ ਪੁਰਾਣੇ ਨਕੋਦਰ ਬੇਅਦਬੀ ਅਤੇ ਗੋਲੀਕਾਂਡ ਸਮੇਤ ਅਕਾਲੀ-ਭਾਜਪਾ ਦੀ ਪਿਛਲੀ ਮਾਫ਼ੀਆ ਸਰਕਾਰ, ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰਾਂ, ਬਜ਼ੁਰਗਾਂ, ਵਿਧਵਾਵਾਂ, ਗ਼ਰੀਬਾਂ-ਦਲਿਤਾਂ ਅਤੇ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀਆਂ ਵਾਅਦਾ ਖਿਲਾਫੀਆਂ ਬਾਰੇ ਹਰ ਨਾਗਰਿਕ ਤੱਕ ਪਹੁੰਚਾਉਣ ਲਈ ‘ਆਪ’ ਨੇ ਪੂਰੀ ਵਾਹ ਲਗਾਈ, ਹਾਲਾਂਕਿ ਆਮ ਆਦਮੀ ਪਾਰਟੀ ਕੋਲ ਬੇਹੱਦ ਸੀਮਤ ਵਸੀਲੇ ਅਤੇ ਸੱਚੇ-ਸੁੱਚੇ ਅਸੂਲ ਹਨ, ਦੂਜੇ ਪਾਸੇ ਅਕਾਲੀ-ਭਾਜਪਾ ਅਤੇ ਕਾਂਗਰਸ ਕੋਲ ਮਾਫ਼ੀਆ ਅਤੇ ਦਹਾਕਿਆਂ ਦੀ ਲੁੱਟ ਖਸੁੱਟ ਦੀ ਬੇਸ਼ੁਮਾਰ ਧਨ ਦੌਲਤ ਹੈ। ਜਿਸ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਹਰ ਕੋਸ਼ਿਸ਼ ਕੀਤੀ ਗਈ। ਸ਼ਰਾਬ ਨਸ਼ੇ ਅਤੇ ਸਰਕਾਰੀ ਮਸ਼ੀਨਰੀ ਦਾ ਰੱਜ ਕੇ ਦੁਰਪ੍ਰਯੋਗ ਕੀਤਾ ਗਿਆ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਬਤੌਰ ਸੰਸਦ ਮੈਂਬਰ ‘ਆਪ’ ਸੰਸਦਾਂ ਦੀ ਕਾਰਗੁਜ਼ਾਰੀ ਨੂੰ ਚੋਣ ਪ੍ਰਚਾਰ ਦੌਰਾਨ ਖ਼ੂਬ ਪ੍ਰਚਾਰ ਕੀਤਾ ਗਿਆ।