ਫਰਾਂਸ ਵਿੱਚ ਵੱਡਾ ਜਹਾਜ਼ ਹਾਦਸਾ: ਪਾਇਲਟ ਸਮੇਤ 11 ਲੋਕਾਂ ਦੀ ਮੌਤ
ਫਰਾਂਸ, 28 ਜੂਨ 2026 (ਵਿਸ਼ਵ ਵਾਰਤਾ): ਫ਼ਰਾਂਸ ਦੇ ਉੱਤਰ-ਪੂਰਬੀ ਟੌਮਬਲੇਨ ਸ਼ਹਿਰ ਵਿੱਚ ਅੱਜ ਵੱਡਾ ਜਹਾਜ਼ ਹਾਦਸਾ ਹੋ ਗਿਆ, ਜਿੱਥੇ ਪੈਰਾਸ਼ੂਟ ਟ੍ਰੇਨਿੰਗ ਸਕੂਲ ਦਾ ਇੱਕ ਪੀਸੀ-6 ਟਰਬੋ ਪੋਰਟਰ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 5 ਸਟੂਡੈਂਟਸ, 5 ਟ੍ਰੇਨਰ ਅਤੇ ਪਾਇਲਟ ਸ਼ਾਮਲ ਹਨ।
ਹਾਦਸੇ ਦੇ ਤੁਰੰਤ ਬਾਅਦ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਪਰ ਕਿਸੇ ਨੂੰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਨੇ ਜਨਤਾ ਨੂੰ ਸਲਵਾਡੋਰ ਅਲੈਂਦੇ ਸਟ੍ਰੀਟ ਦੇ ਆਸ-ਪਾਸ ਦੇ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਨਿਊਜ਼ ਏਜੰਸੀ AFP ਮੁਤਾਬਕ, ਮਿਊਰਥ-ਏ-ਮੋਜ਼ੇਲ ਇਲਾਕੇ ਦੇ ਪ੍ਰਸ਼ਾਸਨਿਕ ਅਧਿਕਾਰੀ ਯਵੇਸ ਸੇਗੁਈ ਨੇ ਦੱਸਿਆ ਕਿ ਜਹਾਜ਼ ਨੇ ਨੈਂਸੀ-ਐੱਸੇ ਐਰੋਡ੍ਰੋਮ ਤੋਂ ਉਡਾਣ ਭਰੀ ਸੀ, ਜਿਸ ਤੋਂ ਬਾਅਦ ਸਥਾਨਕ ਸਮੇਂ ਅਨੁਸਾਰ ਐਤਵਾਰ ਸਵੇਰੇ ਕਰੀਬ 11 ਵਜੇ ਇਹ ਕਰੈਸ਼ ਹੋ ਗਿਆ। ਸੇਗੁਈ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਠੀਕ ਪਹਿਲਾਂ ਜਹਾਜ਼ ਵਿੱਚ ਕੋਈ ਤਕਨੀਕੀ ਖ਼ਰਾਬੀ ਜਾਂ ਨੁਕਸਾਨ ਦਿਖਾਈ ਦਿੱਤਾ ਸੀ, ਜਿਸ ਤੋਂ ਤੁਰੰਤ ਬਾਅਦ ਪਲੇਨ ਬਿਲਕੁਲ ਸਿੱਧਾ ਹੇਠਾਂ ਜ਼ਮੀਨ ਵੱਲ ਆ ਡਿੱਗਿਆ।
ਪਲੇਨ ਇੱਕ ਰਿਹਾਇਸ਼ੀ ਇਲਾਕੇ ਅਤੇ ਸ਼ਾਪਿੰਗ ਸੈਂਟਰ ਦੇ ਬੇਹੱਦ ਨਜ਼ਦੀਕ ਕਰੈਸ਼ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਲੇਨ ਕੁਝ ਮੀਟਰ ਹੋਰ ਅੱਗੇ ਡਿੱਗਦਾ, ਤਾਂ ਜ਼ਮੀਨ ‘ਤੇ ਵੀ ਕਈ ਮਾਸੂਮ ਲੋਕ ਇਸ ਦੀ ਲਪੇਟ ਵਿੱਚ ਆ ਸਕਦੇ ਸਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























