ਪਟਿਆਲਾ ਦਾ ਵਿਕਾਸ ਕਾਂਗਰਸ ਦੇ ਨਾਲ-ਪਰਨੀਤ ਕੌਰ

46
Advertisement

-ਬਰਗਾੜੀ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ

ਸਜਾਵਾਂ ਦਵਾ ਕੇ ਰਹਾਂਗੇ-ਕੈਪਟਨ ਅਮਰਿੰਦਰ ਸਿੰਘ

-ਪਟਿਆਲਾ ਦਾ ਵਿਕਾਸ ਕਾਂਗਰਸ ਦੇ ਨਾਲ-ਪਰਨੀਤ ਕੌਰ

ਪਟਿਆਲਾ, 17 ਮਈ:

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਤੇ ਵਰਦਿਆਂ ਕਿਹਾ ਕਿ ਅਕਾਲੀ ਭਾਜਪਾ ਕਾਰਜਕਾਲ ਦੌਰਾਨ ਹੋਏ ਬੇਅਦਬੀ ਦੇ ਮਾਮਲਿਆਂ ਵਿੱਚ ਜੇ ਬਾਦਲ ਪਰਿਵਾਰ ਸ਼ਾਮਲ ਪਾਇਆ ਗਿਆ ਤਾਂ ਉਹਨਾਂ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ। ਲੋਕ ਸਭਾ ਚੋਣਾਂ ਲਈ ਮੁਹਿੰਮ ਨੂੰ ਸਿਖਰਾਂ ਵੱਲ ਲਿਜਾਂਦੇ ਹੋਏ ਉਨ੍ਹਾਂ ਕਿਹਾ ਕਿ ਜੇ ਅਕਾਲੀ ਆਗੂ ਇਨ੍ਹਾਂ ਵਿਚ ਸ਼ਾਮਲ ਨਹੀਂ ਹਨ ਤਾਂ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੁਆਫੀ ਕਿਉਂ ਮੰਗੀ ਸੀ ਅਤੇ ‘ਕਾਰ ਸੇਵਾ’ ਕਿਉਂ ਕੀਤੀ ਸੀ। ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪਰਨੀਤ ਕੌਰ ਦੇ ਹੱਕ ਵਿਚ ਕਿਲ੍ਹਾ ਚੌਂਕ ਵਿਖੇ ਬੀਤੀ ਸ਼ਾਮ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ।

ਫਿਰਕੂ ਆਧਾਰ ‘ਤੇ ਲੋਕਾਂ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕਰਨ ਅਤੇ ਆਪਣੇ ਸੌੜੇ ਸਿਆਸੀ ਹਿੱਤਾਂ ਦੇ ਵਾਸਤੇ ਸਿੱਖਾਂ ਦੇ ਉੱਚ ਧਾਰਮਿਕ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋਂ ਕਰਨ ਲਈ ਬਾਦਲਾਂ ਦੀ ਅਲੋਚਨਾ ਕਰਦਿਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਅਤੇ ਬੇਅਦਬੀ ਦੀਆਂ ਹੋਰ ਘਟਨਾਵਾਂ ਅਕਾਲੀਆਂ ਦੇ ਕੁਕਰਮਾਂ ਦੀ ਲੰਮੀ ਸੂਚੀ ਵਿਚ ਸ਼ਾਮਲ ਹਨ ਜਿਸ ਦਾ ਉਨ੍ਹਾਂ ਨੂੰ ਪੂਰਾ ਮੁੱਲ ਤਾਰਨਾ ਪਵੇਗਾ।

ਦੇਸ਼ ਵਿੱਚ ਫਿਰਕਾਪ੍ਰਸਤੀ ਦੇ ਬੀਜ ਬੀਜ ਕੇ ਸੱਤਾ ਵਿਚ ਬਣੇ ਰਹਿਣ ਦੀਆਂ ਆਪਣੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਦੇ ਹੇਠ ਫੁੱਟ ਪਾਊ ਪੱਤਾ ਖੇਡਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉੱਤੇ ਵੀ ਮੁੱਖ ਮੰਤਰੀ ਨੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਜਿਸ ਦਾ ਪ੍ਰਚਾਰ ਕਰ ਰਿਹਾ ਹੈ ਉਹ ਰਾਸ਼ਟਰਵਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀਆਂ ਸਣੇ ਸਾਰਿਆਂ ਲਈ ਸੁਰੱਖਿਆ ਹੀ ਰਾਸ਼ਟਰਵਾਦ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਵਾਲਾ ਮੋਦੀ ਕੌਣ ਹੈ? ਪੰਜਾਬੀਆਂ ਨੇ ਦੇਸ਼ ਦੇ ਆਜ਼ਾਦੀ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹਨ। ਸ਼ਹੀਦ ਭਗਤ ਸਿੰਘ, ਊਧਮ ਸਿੰਘ ਅਤੇ ਸੁਖਦੇਵ ਤੋਂ ਇਲਾਵਾ ਹਜ਼ਾਰਾਂ ਆਜ਼ਾਦੀ ਪ੍ਰਵਾਨਿਆਂ ਨੇ ਆਪਣਾ ਬਲਿਦਾਨ ਦਿੱਤਾ। ਇਨ੍ਹਾਂ ਵਿੱਚੋਂ ਅਨੇਕਾਂ ਕਾਲੇ ਪਾਣੀ ਵਿਖੇ ਆਪਣਾ ਦਮ ਤੋੜ ਗਏ ਸਨ ਜਿੱਥੇ ਅੰਗ੍ਰੇਜ਼ਾਂ ਨੇ ਉਨ੍ਹਾਂ ਨੂੰ ਤਾੜ ਕੇ ਰੱਖਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਉਹ ਅਸਲੀ ਰਾਸ਼ਟਰਵਾਦੀ ਸਨ ਜੋ ਕਾਂਗਰਸ ਦੇ ਵਿਸ਼ਵਾਸਾਂ ਵਿਚ ਹਮੇਸ਼ਾ ਹੀ ਬਣੇ ਰਹਿਣਗੇ।

ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਨੇ ਜੇਕਰ ਫੁੱਟਪਾਊ ਸਿਆਸਤ ਕਰਨ ਦੀ ਬਜਾਏ ਉਦਯੋਗੀਕਰਨ ਅਤੇ ਰੁਜ਼ਗਾਰ ਦੇ ਮੌਕੇ ਸਿਰਜਣ ‘ਤੇ ਧਿਆਨ ਲਾਇਆ ਹੁੰਦਾ ਤਾਂ ਮੁਲਕ ਦੀ ਆਰਥਿਕਤਾ ਦੀ ਅਜਿਹੀ ਮਾੜੀ ਦੁਰਦਸ਼ਾ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਮੋਦੀ ਅਤੇ ਉਸ ਦੇ ਫੁੱਟਪਾਊ ਏਜੰਡ ਨੂੰ ਹਰਾ ਸਕਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਭਾਰਤ ਅਤੇ ਇੱਥੋਂ ਦੇ ਲੋਕਾਂ ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ।

ਮੋਦੀ ਦੇ ਸ਼ਾਸਨਕਾਲ ਨੂੰ ਪੂਰੀ ਤਰ੍ਹਾਂ ਨਾਕਾਮ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਉਨ੍ਹਾਂ ਨੇ ਮੁਲਕ ਨੂੰ ਤਬਾਹ ਕਰ ਦਿੱਤਾ ਹੈ ਅਤੇ ਨਾ ਹੀ ਉਹ ਪਿਛਲੇ ਸਾਲਾਂ ਵਿੱਚ ਕੀਤੀ ਕੋਈ ਵੀ ਪ੍ਰਾਪਤੀ ਲੋਕਾਂ ਨੂੰ ਗਿਣਾਉਣ ਜੋਗੇ ਹਨ।”

ਇਸ ਮੌਕੇ ਪਰਨੀਤ ਕੌਰ ਨੇ ਮੋਦੀ ਸਰਕਾਰ ਵਲੋਂ ਨੋਟਬੰਦੀ ਤੇ ਜੀ.ਐਸ.ਟੀ. ਸਮੇਤ  ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਦੇਸ਼ ਕਿਸਾਨਾਂ ਤੇ ਗਰੀਬ ਲੋਕਾਂ ਦੇ ਹਿੱਤ ਵਿੱਚ ਕੇਂਦਰ ਵਿੱਚੋਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਚਲਦਾ ਕਰਨ ਦੀ ਲੋੜ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ  ਅਕਾਲੀ ਭਾਜਪਾ ਸਰਕਾਰਾਂ ਦੌਰਾਨ ਵਿਕਾਸ ਪੱਖੋਂ ਕਦੀ ਵੀ ਪਟਿਆਲਾ ਹਲਕੇ ਦੀ ਸਾਰ ਨਹੀਂ ਲਈ ਜੋ ਵੀ ਪਟਿਆਲਾ ਹਲਕੇ ਵਿੱਚ ਕੰਮ ਹੋਏ ਹਨ, ਉਹ ਹਮੇਸ਼ਾਂ ਕਾਂਗਰਸ ਸਰਕਾਰ ਆਉਣ ਤੇ ਹੀ ਹੋਏ ਹਨ। ਉਹਨਾਂ ਅੱਗੋਂ ਕਿਹਾ ਕਿ ਛੋਟੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ ਕਰਜ਼ੇ ਮਾਅਫ ਕਰਨ ਲਈ ਮੌਜੂਦਾ ਕਾਂਗਰਸ ਸਰਕਾਰ ਨੇ ਹੀ ਉਹਨਾਂ ਦੀ ਬਾਂਹ ਫੜੀ ਹੈ। ਉਹਨਾਂ ਕਿਹਾ ਕਿ ਪਟਿਆਲਾ ਸਾਡੇ ਪੁਰਖਾਂ ਦਾ ਬਸਾਇਆ ਹੋਇਆ ਇਤਿਹਾਸਕ ਸ਼ਹਿਰ ਹੈ ਅਤੇ ਉਹ ਇਸ ਸ਼ਹਿਰ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ ਅਤੇ ਪਟਿਆਲਾ ਵਾਸੀਆਂ ਨੂੰ ਹਮੇਸ਼ਾਂ ਆਪਣਾ ਪਰਿਵਾਰ ਸਮਝਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਅਰ ਸੰਜੀਵ ਬਿੱਟੂ, ਪਟਿਆਲਾ ਸ਼ਹਿਰੀ ਪ੍ਰਧਾਨ ਕੇ.ਕੇ ਮਲਹੋਤਰਾ, ਕੇ.ਕੇ. ਸਹਿਗਲ, ਰਾਜਾ ਰਣਧੀਰ ਸਿੰਘ, ਯੁਵਰਾਜ ਰਣਇੰਦਰ ਸਿੰਘ, ਬੀਬਾ ਜੈਇੰਦਰ ਕੌਰ, ਸਹਿਰਇੰਦਰ ਕੌਰ, ਨਿਰਵਾਣ ਸਿੰਘ, ਗੁਰਪਾਲ ਸਿੰਘ, ਸੁਖਜਿੰਦਰ ਮਾਨਸ਼ਾਹੀਆ, ਬਿੰਨੀ ਸੁੰਦਰ ਸਿੰਘ, ਅਚਿੰਤ ਸੰਧੂ, ਪ੍ਰਿਤਪਾਲ ਸਿੰਘ ਬਿਸ਼ਨਪੁਰਾ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।