ਲਖਨਊ ‘ਚ ਵੱਡਾ ਹਾਦਸਾ: ਕੋਚਿੰਗ ਸੈਂਟਰ ‘ਚ ਲੱਗੀ ਭਿਆਨਕ ਅੱਗ
- 6 ਦੀ ਮੌਤ; ਕਈਆਂ ਦੇ ਇਮਾਰਤ ਅੰਦਰ ਫਸੇ ਹੋਣ ਦਾ ਖਦਸ਼ਾ !
ਉੱਤਰ ਪ੍ਰਦੇਸ਼, 22 ਜੂਨ 2026 (ਵਿਸ਼ਵ ਵਾਰਤਾ) : ਯੂਪੀ ਦੀ ਰਾਜਧਾਨੀ ਲਖਨਊ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਸੋਮਵਾਰ ਦੁਪਹਿਰ ਕਰੀਬ 2:15 ਵਜੇ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਹਾਦਸੇ ਵਿੱਚ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਹਨ। ਕਰੀਬ 5 ਹੋਰ ਬੱਚਿਆਂ ਦੇ ਅੰਦਰ ਫਸੇ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ ਦੂਜੀ ਮੰਜ਼ਿਲ ‘ਤੇ ਚੱਲ ਰਹੀ ਕੋਚਿੰਗ ਦੇ ਵਿਦਿਆਰਥੀਆਂ ਨੇ ਖ਼ੁਦ ਨੂੰ ਬਾਥਰੂਮ ਵਿੱਚ ਬੰਦ ਕਰ ਲਿਆ ਸੀ। ਇੱਕ ਬੱਚੇ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਪਰ ਉਹ ਹੇਠਾਂ ਲੱਗੀ ਗਰਿੱਲ ‘ਤੇ ਜਾ ਡਿੱਗਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਮੌਕੇ ‘ਤੇ ਮੌਜੂਦ ਹਨ ਅਤੇ ਅੱਗ ਬੁਝਾਉਣ ਲਈ ਇੱਕ ਹਾਈਡ੍ਰੌਲਿਕ ਪਲੇਟਫਾਰਮ ਦੀ ਵਰਤੋਂ ਕੀਤੀ ਜਾ ਰਹੀ ਹੈ।
ਐਸ.ਡੀ.ਆਰ.ਐਫ. (SDRF) ਅਤੇ ਐਨ.ਡੀ.ਆਰ.ਐਫ. (NDRF) ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ। ਫਾਇਰ ਫਾਈਟਰਾਂ ਨੇ ਇਮਾਰਤ ਦੀ ਪਿਛਲੀ ਕੰਧ ਨੂੰ ਤੋੜਿਆ ਹੈ, ਜਿਸ ਰਾਹੀਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਡਿਪਟੀ ਸੀਐਮ ਬ੍ਰਜੇਸ਼ ਪਾਠਕ ਅਤੇ ਮੁੱਖ ਸਕੱਤਰ (ਗ੍ਰਹਿ) ਸੰਜੇ ਪ੍ਰਸਾਦ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਵਾਲੀ ਥਾਂ ‘ਤੇ ਕਰੀਬ 14 ਐਂਬੂਲੈਂਸਾਂ ਬੁਲਾਈਆਂ ਗਈਆਂ ਹਨ।
ਫਾਇਰ ਬ੍ਰਿਗੇਡ ਦੀ ਟੀਮ ਅੱਗ ਬੁਝਾਉਣ ਦੇ ਨਾਲ-ਨਾਲ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀ ਹੋਈ ਹੈ। ਮੁੱਖ ਮੰਤਰੀ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪ੍ਰਭਾਵਿਤ ਪਰਿਵਾਰਾਂ ਨਾਲ ਸੰਪਰਕ ਕਰਕੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਅਤੇ ਜ਼ਖ਼ਮੀਆਂ ਦੇ ਯੋਗ ਇਲਾਜ ਦੇ ਨਿਰਦੇਸ਼ ਦਿੱਤੇ ਹਨ।
ਉੱਤਰ ਪ੍ਰਦੇਸ਼ ਦੇ ਉਪ-ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ, “ਉੱਪਰਲੀ ਮੰਜ਼ਿਲ ‘ਤੇ ਕੋਈ ਨਹੀਂ ਹੈ। ਕਰਮਚਾਰੀ ਪਹਿਲੀ ਮੰਜ਼ਿਲ ਦੀ ਕੰਧ ਤੋੜ ਕੇ ਅੰਦਰ ਗਏ ਹਨ, ਧੂੰਆਂ ਬਹੁਤ ਜ਼ਿਆਦਾ ਹੈ। ਇੱਕ-ਇੱਕ ਕਮਰੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਾਡੀ ਪਹਿਲ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣਾ ਹੈ। ਪ੍ਰਸ਼ਾਸਨ ਅਤੇ ਮੈਡੀਕਲ ਵਿਵਸਥਾ ਨਾਲ ਜੁੜੇ ਸਾਰੇ ਲੋਕਾਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਐਂਬੂਲੈਂਸਾਂ ਮੌਕੇ ‘ਤੇ ਮੌਜੂਦ ਹਨ।”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























