ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ 7 ਲੋਕਾਂ ਦੀ ਮੌਤ
– 60 ਤੋਂ ਵੱਧ ਹਸਪਤਾਲ ‘ਚ ਭਰਤੀ
– ਮੌਕੇ ‘ਤੇ ਪੁੱਜੀ NDRF ਟੀਮ, ਬਚਾਅ ਕਾਰਜ ਜਾਰੀ
ਨਵੀ ਦਿੱਲੀ, 21 ਜੂਨ 2026 (ਵਿਸ਼ਵ ਵਾਰਤਾ): ਤਾਮਿਲਨਾਡੂ ਦੇ ਤਿਰੂਵੱਲੂਰ ਜ਼ਿਲ੍ਹੇ ‘ਚ ਇੱਕ ਸਮੁੰਦਰੀ ਭੋਜਨ ਨਿਰਯਾਤ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਹ ਲੀਕੇਜ ਪੇਰੀਆਪਾਲਯਮ ਦੇ ਨੇੜੇ ਕੰਨੀਗਾਈਪੈਰ ਸਥਿਤ ਸੇਂਟ ਪੀਟਰਸ ਪਾਲ ਸੀ-ਫੂਡਜ਼ ਐਕਸਪੋਰਟਸ ਫੈਕਟਰੀ ਵਿੱਚ ਹੋਈ। ਜਿਸ ਵਿੱਚ ਸੱਤ ਔਰਤਾਂ ਦੀ ਮੌਤ ਹੋ ਗਈ ਅਤੇ 67 ਮਜ਼ਦੂਰ ਜ਼ਖਮੀ ਹਨ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਅਤੇ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦਿਆਂ ਹੀ ਅਰੱਕੋਨਮ ਸਥਿਤ ਰਾਸ਼ਟਰੀ ਆਫ਼ਤ ਪ੍ਰਬੰਧਨ ਫੋਰਸ (NDRF) ਦੀ ਚੌਥੀ ਬਟਾਲੀਅਨ ਨੂੰ ਅਲਰਟ ਕੀਤਾ ਗਿਆ। ਇਸ ਤੋਂ ਬਾਅਦ ਚੇਨਈ ਤੋਂ 30 ਐੱਨ.ਡੀ.ਆਰ.ਐੱਫ. ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਤੁਰੰਤ ਮੌਕੇ ਲਈ ਰਵਾਨਾ ਕੀਤੀ ਗਈ।
ਅਧਿਕਾਰੀਆਂ ਅਨੁਸਾਰ, ਗੈਸ ਲੀਕੇਜ ਨੂੰ ਕਾਬੂ ਕਰਨ ਅਤੇ ਪ੍ਰਭਾਵਿਤ ਖੇਤਰ ਨੂੰ ਸੁਰੱਖਿਅਤ ਬਣਾਉਣ ਲਈ ਬਚਾਅ ਅਤੇ ਰਾਹਤ ਕਾਰਜ ਜਾਰੀ ਹਨ। ਫਿਲਹਾਲ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਹੋਰ ਦੇ ਜਾਨੀ ਨੁਕਸਾਨ ਜਾਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਣ ਦੀ ਸੂਚਨਾ ਨਹੀਂ ਮਿਲੀ ਹੈ।
ਤਿਰੂਵੱਲੂਰ ਜ਼ਿਲ੍ਹੇ ਦੀ ਕਲੈਕਟਰ ਐੱਸ. ਕਵਿਤਾ ਨੇ ਦੱਸਿਆ ਕਿ 46 ਮਰੀਜ਼ਾਂ ਦਾ ਇਲਾਜ ਵੇਲਸ ਹਸਪਤਾਲ ਵਿੱਚ ਅਤੇ 21 ਦਾ ਇਲਾਜ ਵੈਂਕਟੇਸ਼ਵਰ ਹਸਪਤਾਲ ਵਿੱਚ ਚੱਲ ਰਿਹਾ ਹੈ। ਸਭ ਤੋਂ ਗੰਭੀਰ ਰੂਪ ਵਿੱਚ ਬਿਮਾਰ ਨੌਂ ਮਰੀਜ਼ਾਂ ਨੂੰ ਐਂਬੂਲੈਂਸ ਰਾਹੀਂ ਚੇਨਈ ਦੇ ਸਰਕਾਰੀ ਸਟੇਨਲੀ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ। ਜ਼ਿਲ੍ਹਾ ਕਲੈਕਟਰ ਨੇ ਦੱਸਿਆ ਕਿ ਇਹ ਘਟਨਾ ਪੇਰੀਆਪਾਲਯਮ ਦੇ ਨੇੜੇ ਮੰਜ਼ਨਕਰਨਈ ਸਥਿਤ ਇੱਕ ਸਮੁੰਦਰੀ ਭੋਜਨ ਪ੍ਰੋਸੈਸਿੰਗ (ਸੀ-ਫੂਡ ਪ੍ਰੋਸੈਸਿੰਗ) ਯੂਨਿਟ ਵਿੱਚ ਹੋਈ। ਗੈਸ ਲੀਕ ਹੋਣ ਦੀ ਸੂਚਨਾ ਮਿਲਦਿਆਂ ਹੀ ਪ੍ਰਭਾਵਿਤ ਮਜ਼ਦੂਰਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ।
ਮਾਮਲੇ ਦੀ ਜਾਂਚ ਲਈ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਨੇ ਤਿੰਨ ਮੈਂਬਰੀ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਹਨ। ਕਮੇਟੀ ਵਿੱਚ ਉਦਯੋਗਿਕ ਸੁਰੱਖਿਆ ਅਤੇ ਸਿਹਤ ਨਿਰਦੇਸ਼ਕ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸਕੱਤਰ ਅਤੇ ਲੋਕ ਸਿਹਤ ਵਿਭਾਗ ਦੇ ਵਧੀਕ ਨਿਰਦੇਸ਼ਕ ਨੂੰ ਸ਼ਾਮਲ ਕੀਤਾ ਗਿਆ ਹੈ।
ਸਰਕਾਰ ਨੇ ਕਮੇਟੀ ਨੂੰ 24 ਘੰਟਿਆਂ ਦੇ ਅੰਦਰ ਅੰਤਰਿਮ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਜਾਂਚ ਵਿੱਚ ਗੈਸ ਲੀਕ ਹੋਣ ਦੇ ਕਾਰਨਾਂ, ਸੁਰੱਖਿਆ ਮਾਪਦੰਡਾਂ ਦੀ ਪਾਲਣਾ ਅਤੇ ਸੰਭਾਵਿਤ ਲਾਪਰਵਾਹੀ ਦੀ ਪੜਤਾਲ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























