ਵੱਡਾ ਹਾਦਸਾ! ਨਿਰਮਾਣ ਅਧੀਨ ਮੰਦਿਰ ਦੀ ਡਿੱਗੀ ਛੱਤ; ਕਈ ਸ਼ਰਧਾਲੂਆਂ ਦੀ ਮੌਤ
ਮਹਾਰਾਸ਼ਟਰ, 20 ਜੂਨ (ਵਿਸ਼ਵ ਵਾਰਤਾ): ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਵਿੱਚ ਯਸ਼ਵਾੜੀ ਦੇਵਸਥਾਨ ਵਿਖੇ ਹਨੂਮਾਨ ਮੰਦਰ ਦੇ ਹਾਲ ਦੀ ਨਿਰਮਾਣ ਅਧੀਨ ਛੱਤ ਡਿੱਗ ਗਈ। ਮਲਬੇ ਹੇਠ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 25 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਰਿਪੋਰਟਾਂ ਮੁਤਾਬਕ ਇੱਥੇ ਮੰਦਰ ਦੇ ਬਿਲਕੁਲ ਸਾਹਮਣੇ ਸਭਾਮੰਡਪ ਬਣਾਉਣ ਦਾ ਕੰਮ ਚੱਲ ਰਿਹਾ ਸੀ। ਦੁਪਹਿਰ ਵੇਲੇ ਲੋਕ ਪ੍ਰਸਾਦ ਲੈ ਰਹੇ ਸਨ। ਅਚਾਨਕ ਮੰਦਰ ਦਾ ਢਾਂਚਾ ਅਤੇ ਪੱਥਰ ਭੜਭੜਾ ਕੇ ਹੇਠਾਂ ਡਿੱਗ ਪਏ। ਹਾਦਸੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ।
ਵੀਡੀਓ ਦੇ ਮੁਤਾਬਕ ਦੁਪਹਿਰ 3 ਵਜੇ ਕਈ ਲੋਕ ਲਾਈਨ ਵਿੱਚ ਖੜ੍ਹੇ ਹੋ ਕੇ ਪ੍ਰਸਾਦ, ਦਰਸ਼ਨ ਅਤੇ ਪੂਜਾ ਕਰ ਰਹੇ ਸਨ। ਉਦੋਂ ਹੀ ਬਾਂਸ ਅਤੇ ਲੋਹੇ ਦੇ ਸਰੀਏ ਨਾਲ ਬਣਿਆ ਸੈਂਟਰਿੰਗ ਸਟ੍ਰਕਚਰ ਟੁੱਟ ਗਿਆ।ਸ਼ਨੀਵਾਰ ਹੋਣ ਕਰਕੇ ਮੰਦਰ ਵਿੱਚ ਭੀੜ ਜ਼ਿਆਦਾ ਸੀ। ਹਾਦਸੇ ਤੋਂ ਬਾਅਦ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ ‘ਤੇ ਬਚਾਅ ਕਾਰਜ ਚਲਾਇਆ। ਜ਼ਿਲ੍ਹਾ ਕਲੈਕਟਰ ਸੰਜੇ ਚਵਾਨ, ਉਪ-ਮੰਡਲ ਮੈਜਿਸਟ੍ਰੇਟ (SDO) ਸੰਗੀਤਾ ਚਵਾਨ ਅਤੇ ਤਹਿਸੀਲਦਾਰ ਪਾਂਡੂਰੰਗ ਮਾਛੇਵਾੜ ਨੇ ਦੱਸਿਆ ਕਿ 32 ਲੋਕਾਂ ਵਿੱਚੋਂ 7 ਦੀ ਮੌਤ ਹੋ ਗਈ ਅਤੇ 25 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਫਸੇ ਹੋਏ ਲੋਕਾਂ ਦੀ ਭਾਲ ਲਈ ਵਿਸ਼ੇਸ਼ ਉਪਕਰਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























