ਕੇਜਰੀਵਾਲ ਨੇ ‘ਆਪ’ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਨੂੰ ਜਿਤਾਉਣ ਦੀ ਕੀਤੀ ਅਪੀਲ

26
Advertisement


ਜੇ ਹਰਸਿਮਰਤ ਬਾਦਲ 10 ਸਾਲਾਂ ‘ਚ ਇੱਕ ਸੜਕ ਨਹੀਂ ਬਣਾ ਸਕੀ, ਉਸ ਨੂੰ ਵੋਟ ਦੇਣਾ ਬੇਕਾਰ

ਬੁਢਲਾਡਾ/ਮਾਨਸਾ, 15 ਮਈ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਤੇ ਬਾਦਲ ਪਰਿਵਾਰ ‘ਤੇ ਰਲ ਕੇ ਚੋਣਾਂ ਲੜਨ ਦਾ ਗੰਭੀਰ ਦੋਸ਼ ਲਗਾਇਆ ਹੈ।
ਬਠਿੰਡਾ ਤੋਂ ‘ਆਪ’ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਦੇ ਹੱਕ ‘ਚ ਰੋਡ ਸ਼ੋਅ ਦੌਰਾਨ ਬੁਢਲਾਡਾ ‘ਚ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ”ਬਾਦਲ ਅਤੇ ਕੈਪਟਨ ਨੇ ਸੈਟਿੰਗ ਕਰ ਰੱਖੀ ਹੈ, ਤੂੰ ਮੇਰੀ ਪਤਨੀ ਨੂੰ ਬਠਿੰਡਾ ਤੋਂ ਜਿਤਾ, ਮੈਂ ਤੇਰੀ ਪਤਨੀ ਨੂੰ ਪਟਿਆਲਾ ਤੋਂ ਜਿਤਾਵਾਂਗਾ। ਇਸ ਲਈ ਇਸ ਵਾਰ ਦੋਵਾਂ ਦੀਆਂ ਘਰਵਾਲੀਆਂ ਨੂੰ ਹਰਾ ਕੇ ਬਾਏ-ਬਾਏ ਟਾਟਾ ਬੋਲ ਦਿਓ”
ਕੇਜਰੀਵਾਲ ਨੇ ਬੁਢਲਾਡਾ ਸ਼ਹਿਰ ਅਤੇ ਆਲੇ-ਦੁਆਲੇ ਦੀਆਂ ਅਤੇ ਖ਼ਸਤਾ-ਹਾਲ ਸੜਕਾਂ, ਗਲੀਆਂ-ਨਾਲੀਆਂ ‘ਤੇ ਟਿੱਪਣੀ ਕਰਦਿਆਂ ਕਿਹਾ, ”ਮੈਂ 4 ਸਾਲਾਂ ਦੌਰਾਨ ਦਿੱਲੀ ਦੇ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਸੜਕਾਂ ਨੂੰ ਚਮਕਾ ਦਿੱਤਾ ਹੈ। ਬਿਜਲੀ ਸਸਤੀ ਕਰਕੇ 1 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਹੈ ਅਤੇ ਹੁਣ 24 ਘੰਟੇ ਆਉਂਦੀ ਹੈ। ਜੇਕਰ ਮੈਂ 4 ਸਾਲਾਂ ‘ਚ ਐਨਾ ਕੰਮ ਕਰ ਸਕਦਾ ਹਾਂ ਤਾਂ 10 ਸਾਲ ਸਰਕਾਰ ਅਤੇ ਕੇਂਦਰੀ ਮੰਤਰੀ ਹੋ ਕੇ ਹਰਸਿਮਰਤ ਕੌਰ ਬਾਦਲ ਇੱਕ ਸੜਕ ਨਹੀਂ ਬਣਾ ਸਕੀ ਤਾਂ ਇਹ ਅਗਲੇ 5 ਸਾਲ ਵੀ ਕੁੱਝ ਨਹੀਂ ਕਰ ਸਕੇਗੀ, ਇਸ ਲਈ ਇਸ ਨੂੰ (ਬਾਦਲ) ਨੂੰ ਵੋਟ ਦੇਣਾ ਬੇਕਾਰ ਹੈ।”
ਕੇਜਰੀਵਾਲ ਨੇ ਕਿਹਾ ਕਿ ਹਰਸਿਮਰਤ ਬਾਦਲ ਦਿੱਲੀ ਅਤੇ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਰਹਿੰਦਾ ਹੈ। ਆਪਣੇ ਕੰਮ ਕਰਾਉਣ ਦਿੱਲੀ ਜਾਂ ਸ੍ਰੀ ਮੁਕਤਸਰ ਸਾਹਿਬ ਜਾਇਆ ਕਰੋਗੇ? ਇਸ ਲਈ ਆਪਣੇ ਇਲਾਕੇ ਦੀ ਪੜ੍ਹੀ-ਲਿਖੀ ਧੀ ਪ੍ਰੋ. ਬਲਜਿੰਦਰ ਕੌਰ ਨੂੰ ਜਿਤਾਓ।
ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪੰਜਾਬ ਦਾ ਬੱਬਰ ਸ਼ੇਰ ਦੱਸਦਿਆਂ ਕਿਹਾ ਕਿ 27 ਦਸੰਬਰ 2018 ਨੂੰ ਸਾਹਿਬਜ਼ਾਦਿਆਂ ਨੂੰ ਸੰਸਦ ਦੇ ਇਤਿਹਾਸ ‘ਚ ਪਹਿਲੀ ਵਾਰ ਸ਼ਰਧਾਂਜਲੀ ਦਿਵਾਉਣ ਦੀ ਸ਼ੁਰੂਆਤ ਕਰਵਾਈ, ਜਦੋਂ ਤੱਕ ਦੇਸ਼ ਦੀ ਸੰਸਦ ਰਹੇਗੀ ਹਰ ਸਾਲ ਸਮੁੱਚੀ ਸੰਸਦ ਸਾਹਿਬਜ਼ਾਦਿਆਂ ਨੂੰ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿਆ ਕਰੇਗੀ।
ਕੇਜਰੀਵਾਲ ਨੇ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸੰਸਦ ‘ਚ ਹਰੇਕ ਮੁੱਦਾ ਉਠਾਉਂਦਾ ਹੈ, ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਵਾਉਂਦਾ ਹੈ, ਦੂਜੇ ਪਾਸੇ ਬਾਦਲ ਪਰਿਵਾਰ ਬੇਅਦਬੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਬਾਦਲਾਂ ਨੂੰ ਬਚਾਅ ਰਿਹਾ ਹੈ। ਕੇਜਰੀਵਾਲ ਨੇ ਹਾਲ ਹੀ ਦੌਰਾਨ ਮਲੇਰਕੋਟਲਾ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਬਣਦਿਆਂ ਹੀ ਕੈਪਟਨ ਬੇਅਦਬੀ ਦੇ ਦੋਸ਼ਾਂ ‘ਚ ਬਾਦਲਾਂ ਨੂੰ ਸਖ਼ਤ ਸਜਾ ਦੇ ਦਿੰਦਾ ਤਾਂ ਦੋਬਾਰਾ ਬੇਅਦਬੀ ਕਰਨ ਦੀ ਕਿਸੇ ਦੀ ਕਦੇ ਹਿੰਮਤ ਨਾ ਪੈਂਦੀ। ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਪਾਰਟੀ ਨੂੰ ਵੋਟ ਨਾ ਦਿੱਤਾ ਜੋ ਗੁਰੂ ਦੀ ਬੇਅਦਬੀ ਕਰਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਜਿਸ ਦੌਰੇ ‘ਚ ਚਲਾ ਗਿਆ ਹੈ, ਇਸ ਨੂੰ ਬਚਾਉਣ ਲਈ ਵੱਡੇ-ਵੱਡੇ ਨਾਮੀ ਆਗੂਆਂ ਦੀ ਨਹੀਂ ਸਗੋਂ ਆਮ ਘਰਾਂ ‘ਚੋਂ ਨਿਕਲੇ ਆਗੂ ਹੀ ਬਚਾ ਸਕਦੇ ਹਨ।
ਕੇਜਰੀਵਾਲ ਨੇ ਖ਼ੁਦ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਕਿ ਇਹ ਲੋਕ ਮੇਰੀ ਜਾਨ ਦੇ ਇਸ ਲਈ ਦੁਸ਼ਮਣ ਹਨ ਕਿਉਂਕਿ ਕੇਜਰੀਵਾਲ ਪੈਸੇ ਨਹੀਂ ਖਾਂਦਾ, ਸਕੂਲਾਂ, ਹਸਪਤਾਲਾਂ, ਪਾਣੀ, ਸੀਵਰੇਜ ਅਤੇ ਸਸਤੀ ਬਿਜਲੀ ਅਤੇ ਕਿਸਾਨਾਂ ਨੂੰ ਸਵਾਮੀਨਾਥਨ ਦੀਆਂ ਰਿਪੋਰਟਾਂ ਮੁਤਾਬਿਕ ਫ਼ਸਲਾਂ ਦੇ ਲਾਹੇਵੰਦ ਭਾਅ ਦੇ ਰਿਹਾ ਹੈ। ਇਹ ਲੋਕ ਪੱਖੀ ਗੱਲਾਂ ਬੇਈਮਾਨਾਂ ਨੂੰ ਹਜ਼ਮ ਨਹੀਂ ਹੋ ਰਹੀਆਂ।
ਇਸ ਮੌਕੇ ਉਨ੍ਹਾਂ ਨਾਲ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਅਤੇ ਹੋਰ ਆਗੂ ਮੌਜੂਦ ਸਨ।