ਲੁਧਿਆਣਾ ‘ਚ 6-7 ਲੱਖ ਵੋਟਾਂ ਕੱਟੇ ਜਾਣ ਦੀਆਂ ਖ਼ਬਰਾਂ ਗਲਤ, ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ!
ਲੁਧਿਆਣਾ, 19 ਜੂਨ (ਵਿਸ਼ਵ ਵਾਰਤਾ) : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ (ਡੀਈਓ) ਲੁਧਿਆਣਾ ਹਿਮਾਂਸ਼ੂ ਜੈਨ ਨੇ ਕਿਹਾ ਹੈ ਕਿ ਕੁਝ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਇਹ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਕਿ ਚੋਣ ਕਮਿਸ਼ਨ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ (ਐੱਸਆਈਆਰ) ਦੌਰਾਨ ਲੁਧਿਆਣਾ ਵਿੱਚ 6 ਤੋਂ 7 ਲੱਖ ਵੋਟਾਂ ਕੱਟ ਦਿੱਤੀਆਂ ਗਈਆਂ ਹਨ।
ਉਨ੍ਹਾਂ ਇਨ੍ਹਾਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਕਿ ਜਿਨ੍ਹਾਂ 6-7 ਲੱਖ ਵੋਟਰਾਂ ਦੀ ਗੱਲ ਕੀਤੀ ਜਾ ਰਹੀ ਹੈ, ਉਹ “ਅਨਮੈਪਡ” ਵੋਟਰ ਹਨ, ਨਾ ਕਿ ਉਨ੍ਹਾਂ ਦੀਆਂ ਵੋਟਾਂ ਕੱਟੀਆਂ ਗਈਆਂ ਹਨ। ਇਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਨਾਮ ਵੋਟਰ ਸੂਚੀ ਵਿੱਚ ਮੌਜੂਦ ਹਨ, ਪਰ ਹਾਲੇ ਤੱਕ ਤਕਨੀਕੀ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਕਿਸੇ ਖ਼ਾਸ ਬੂਥ ਨਾਲ ਜੋੜਿਆ ਨਹੀਂ ਗਿਆ।ਜੈਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਵੋਟਰ ਦਾ ਨਾਮ ਵੋਟਰ ਸੂਚੀ ਤੋਂ ਨਹੀਂ ਕੱਟਿਆ ਗਿਆ ਅਤੇ ਸਾਰੇ ਯੋਗ ਵੋਟਰ ਆਪਣਾ ਵੋਟ ਪਾਉਣ ਦਾ ਅਧਿਕਾਰ ਵਰਤ ਸਕਣਗੇ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਵੋਟਰ ਦਾ ਨਾਮ ਕੱਟਣ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪੂਰੀ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਂਦੀ ਹੈ। ਬੂਥ ਲੈਵਲ ਅਫ਼ਸਰ (ਬੀਐਲਓ) ਇਸ ਵੇਲੇ ਹਰ ਵੋਟਰ ਦੀ ਮੁੜ ਜਾਂਚ ਕਰ ਰਹੇ ਹਨ। 25 ਜੂਨ 2026 ਤੋਂ ਬੀਐਲਓ ਘਰ-ਘਰ ਜਾ ਕੇ ਮੈਪਡ ਅਤੇ ਅਨਮੈਪਡ ਦੋਵਾਂ ਤਰ੍ਹਾਂ ਦੇ ਵੋਟਰਾਂ ਦਾ ਸਰਵੇ ਕਰਨਗੇ ਅਤੇ ਲੋੜੀਂਦੇ ਫਾਰਮ ਭਰਵਾਉਣਗੇ।
ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਪੂਰਾ ਮੌਕਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਨਾਮ ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ ਰਹਿਣ। ਜੇਕਰ ਕਿਸੇ ਵੋਟਰ ਦਾ ਨਾਮ ਕੱਟਣ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਪਹਿਲਾਂ ਉਸ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਹੀ ਸਬੰਧਤ ਅਧਿਕਾਰੀ ਵੱਲੋਂ ਫ਼ੈਸਲਾ ਲਿਆ ਜਾਂਦਾ ਹੈ।
ਡੀਸੀ ਨੇ ਮੀਡੀਆ ਅਦਾਰਿਆਂ, ਸੋਸ਼ਲ ਮੀਡੀਆ ਪੇਜਾਂ ਅਤੇ ਡਿਜ਼ੀਟਲ ਇੰਫਲੂਐਂਸਰਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਪੁਸ਼ਟੀ ਵਾਲੀ ਜਾਣਕਾਰੀ ਸਾਂਝੀ ਨਾ ਕਰਨ, ਜਿਸ ਨਾਲ ਲੋਕਾਂ ਵਿੱਚ ਬੇਵਜ੍ਹਾ ਡਰ ਜਾਂ ਚਿੰਤਾ ਪੈਦਾ ਹੋਵੇ।ਉਨ੍ਹਾਂ ਚੇਤਾਵਨੀ ਦਿੱਤੀ ਕਿ ਐੱਸਆਈਆਰ ਸਬੰਧੀ ਜਾਣ-ਬੁੱਝ ਕੇ ਝੂਠੀਆਂ ਖ਼ਬਰਾਂ ਅਤੇ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























