ਬੇਰੁਜ਼ਗਾਰਾਂ ਦੇ ਕਾਫ਼ਲੇ ਦੇਖ ਕੇ ਦਿਲ ਦੁਖੀ ਹੁੰਦੈ ਮੇਰਾ : ਭਗਵੰਤ ਮਾਨ

18
Advertisement


ਕੋਈ ਅਜਿਹਾ ਮਸਲਾ ਨਹੀਂ ਬਚਿਆ ਜਿਹੜਾ ਮਾਨ ਨੇ ਸੰਸਦ ‘ਚ ਨਾ ਉਠਾਇਆ ਹੋਵੇ- ਹਰਪਾਲ ਸਿੰਘ ਚੀਮਾ

ਦਿੜ੍ਹਬਾ /ਸੰਗਰੂਰ, 15 ਮਈ – ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਚੋਣ ਪ੍ਰਚਾਰ ‘ਚ ਨਾਲ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ‘ਤੇ ਚੱਲਦੇ ਸੈਂਕੜੇ ਨੌਜਵਾਨਾਂ ਬਾਰੇ ਕਿਹਾ ਕਿ ਇਹ ਨੌਜਵਾਨ ਮੇਰੀ ਤਾਕਤ ਹਨ ਪਰੰਤੂ ਇਨ੍ਹਾਂ ਨੂੰ ਬੇਰੁਜ਼ਗਾਰ ਵੇਖ ਕੇ ਮਨ ਦੁਖੀ ਹੁੰਦਾ ਹੈ।
ਬੁੱਧਵਾਰ ਨੂੰ ਸੰਗਰੂਰ ਲੋਕ ਸਭਾ ਹਲਕੇ ਦ 29 ਪਿੰਡਾਂ ਦੇ ਰੋਡ ਸ਼ੋਅ ਦੌਰਾਨ ਦਿੜ੍ਹਬਾ ਮੰਡੀ ਦੇ ਪਿੰਡ ਜਨਾਲ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਰੁਜ਼ਗਾਰੀ ਦੇ ਮੁੱਦੇ ‘ਤੇ ਰੱਜ ਕੇ ਕੋਸਿਆ ਅਤੇ ਵੱਡੇ ਪੱਧਰ ‘ਤੇ ਫੈਲੀ ਬੇਰੁਜ਼ਗਾਰੀ ਲਈ ਕਾਂਗਰਸ ਅਤੇ ਅਕਾਲੀ-ਭਾਜਪਾ ਨੂੰ ਇੱਕ ਦੂਜੇ ਤੋਂ ਵੱਧ ਜ਼ਿੰਮੇਵਾਰ ਕਿਹਾ।
ਆਪਣੇ ਸੰਬੋਧਨ ‘ਚ ਭਗਵੰਤ ਮਾਨ ਨੇ ਕਿਹਾ, ”ਜਦੋਂ ਮੇਰੇ ਨਾਲ ਘੁੰਮਦੇ ਇਨ੍ਹਾਂ ਜੋਸ਼ੀਲੇ ਭਮੱਕੜਾਂ (ਨੌਜਵਾਨਾਂ) ਬਾਰੇ ਪੱਤਰਕਾਰ ਪੁੱਛਦੇ ਹਨ ਜਾਂ ਮੈਂ ਖ਼ੁਦ ਸੋਚਦਾ ਹਾਂ ਤਾਂ ਮਨ ਬਹੁਤ ਦੁਖੀ ਹੋ ਜਾਂਦਾ ਹੈ ਕਿ ਅੱਜ ਬੁੱਧਵਾਰ ਵਾਲੇ ਕੰਮਕਾਜੀ ਦਿਨ (ਵਰਕਿੰਗ ਡੇਅ) ਇਹ ਮੇਰੇ ਨਾਲ ਕਿਉਂ ਘੁੰਮ ਰਹੇ ਹਨ, ਇਨ੍ਹਾਂ ਨੂੰ ਤਾਂ ਆਪਣੀਆਂ ਨੌਕਰੀਆਂ ਜਾਂ ਰੋਜ਼ਗਾਰ ‘ਤੇ ਹੋਣਾ ਚਾਹੀਦਾ ਸੀ।”
ਭਗਵੰਤ ਮਾਨ ਨੇ ਕਿਹਾ, ”ਬੇਰੁਜ਼ਗਾਰਾਂ ਦੇ ਲੰਮੇ ਕਾਫ਼ਲੇ ਨਾਲ ਘੁੰਮਦੇ ਵੇਖ ਅਕਾਲੀ-ਕਾਂਗਰਸੀ ਖ਼ੁਸ਼ ਹੋ ਸਕਦੇ ਹੋਣਗੇ, ਪਰੰਤੂ ਮੈਂ ਆਪਣੇ ਵੋਟ ਦੇ ਨਿੱਜੀ ਸਵਾਰਥ ਲਈ ਖ਼ੁਸ਼ ਹੋਣ ਵਾਲਿਆਂ ‘ਚੋਂ ਨਹੀਂ ਹਾਂ। ਮੈਨੂੰ ਅਸਲੀ ਖ਼ੁਸ਼ੀ ਦਾ ਇੰਜ ਹੀ ਲੰਮਾ ਕਾਫ਼ਲਾ ਛੁੱਟੀ ਵਾਲੇ ਦਿਨ ਮੇਰੇ ਨਾਲ ਘੁੰਮੇ ਅਤੇ ਬਾਕੀ ਵਰਕਿੰਗ ਡੇਜ਼ ‘ਤੇ ਕੈਨੇਡਾ-ਅਮਰੀਕਾ ਵਾਂਗ ਆਪਣੇ-ਆਪਣੇ ਕੰਮ ‘ਤੇ ਹੋਵੇ।”
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਜ਼ੇ, ਬੇਰੁਜ਼ਗਾਰੀ, ਮਹਿੰਗਾਈ, ਨਸ਼ੇ ਅਤੇ ਸੱਤਾਧਾਰੀਆਂ ਦੀ ਸ਼ਹਿ ‘ਤੇ ਚੱਲਦੇ ਮਾਫ਼ੀਆ ਵਿਰੁੱਧ ਲੋਕ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੇ ਹੱਥਾਂ ‘ਚ ਟਿਫ਼ਨ ਹੋਣਗੇ ਅਤੇ ਇਹ ਆਪਣੀ-ਆਪਣੀ ਡਿਊਟੀ ਅਤੇ ਕੰਮਾਂ-ਕਾਰਾਂ ‘ਤੇ ਜਾਇਆ ਕਰਨਗੇ।
ਮਾਨ ਨੇ ਕਿਹਾ ਕਿ ਜਦ ਅਕਾਲੀ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਤੋਂ ਮੋਦੀ ਸਰਕਾਰ ਦੀਆਂ ਸਾਲਾਨਾ 2 ਕਰੋੜ ਨੌਕਰੀਆਂ ਅਤੇ ਕੈਪਟਨ ਸਰਕਾਰ ਵੱਲੋਂ ਘਰ-ਘਰ ਨੌਕਰੀ ਵਾਲੇ ਪਿਛਲੇ ਚੋਣ ਵਾਅਦਿਆਂ ਤੋਂ ਮੁੱਕਰਨ ਦਾ ਹਿਸਾਬ ਜ਼ਰੂਰ ਮੰਗਣ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਦਿੜ੍ਹਬਾ ਤੋਂ ਪਾਰਟੀ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜੋ ਵਾਅਦਾ ਕਰਦੀ ਹੈ ਉਸ ‘ਤੇ ਖਰਾ ਉੱਤਰਦੀ ਹੈ, ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ 4 ਸਾਲਾਂ ਦੀ ਕਾਰਗੁਜ਼ਾਰੀ ਇਸ ਗੱਲ ਦਾ ਪੁਖ਼ਤਾ ਸਬੂਤ ਹੈ, ਜਿਸ ਕਰਕੇ ਦਿੱਲੀ ਦੇ ਸਕੂਲਾਂ, ਹਸਪਤਾਲਾਂ, ਸੜਕਾਂ ਦੀ ਨੁਹਾਰ ਬਦਲ ਗਈ ਹੈ ਅਤੇ ਲੋਕ 20 ਹਜ਼ਾਰ ਲੀਟਰ ਪੀਣ ਵਾਲਾ ਪਾਣੀ ਮੁਫ਼ਤ ਅਤੇ ਸਭ ਤੋਂ ਸਸਤੀ ਬਿਜਲੀ ਲੈ ਰਹੇ ਹਨ। ਚੀਮਾ ਨੇ ਭਗਵੰਤ ਮਾਨ ਨੂੰ ਬੇਮਿਸਾਲ ਸੰਸਦ ਮੈਂਬਰ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਜੁੜਿਆ ਅਜਿਹਾ ਮੁੱਦਾ ਨਹੀਂ ਬਚਿਆ, ਜਿਸ ਨੂੰ ਭਗਵੰਤ ਮਾਨ ਨੇ ਧੜੱਲੇ ਨਾਲ ਪਾਰਲੀਮੈਂਟ ‘ਚ ਨਾ ਉਠਾਇਆ ਹੋਵੇ।