Chandigarh :ਝਾੜੀਆਂ ‘ਚੋਂ ਮਿਲੀ ਵਿਅਕਤੀ ਲਾਸ਼; ਸੈਕਟਰ-38 ਮੋਟਰ ਮਾਰਕੀਟ ‘ਚ ਫੈਲੀ ਦਹਿਸ਼ਤ!
– ਮਾਮਲੇ ਦੀ ਜਾਂਚ ਵਿੱਚ ਜੁਟੀ ਪੁਲਿਸ
ਚੰਡੀਗੜ੍ਹ, 19 ਜੂਨ 2026 (ਵਿਸ਼ਵ ਵਾਰਤਾ): ਚੰਡੀਗੜ੍ਹ ਦੇ ਸੈਕਟਰ-38 ਦੀ ਮੋਟਰ ਮਾਰਕੀਟ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਮਾਰਕੀਟ ਦੇ ਗੇਟ ਨੇੜਿਓਂ ਝਾੜੀਆਂ ਵਿੱਚੋ ਬਰਾਮਦ ਹੋਈ । ਮ੍ਰਿਤਕ ਦੇ ਹੱਥ ਵਿੱਚ ਬੀੜੀ ਦਾ ਇੱਕ ਬੰਡਲ ਅਤੇ ਮਾਚਿਸ ਮਿਲੇ ਹਨ। ਇਸ ਤੋਂ ਇਲਾਵਾ ਕਮਰ ਦੇ ਕੋਲ ਇੱਕ ਸਰਿੰਜ ਪਈ ਹੋਈ ਸੀ। ਅਜਿਹੇ ਵਿੱਚ ਡਰੱਗ ਓਵਰਡੋਜ਼ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਘਟਨਾ ਦਾ ਪਤਾ ਲਗਦੇ ਹੀ ਪੁਲਿਸ ਮੌਕੇ ਤੇ ਪੁੱਜੀ ਅਤੇ ਸਭ ਤੋਂ ਪਹਿਲਾਂ ਲਾਸ਼ ਨੂੰ ਕਬਜ਼ੇ ਵਿੱਚ ਲਿਆ। ਘਟਨਾ ਸਥਾਨ ‘ਤੇ ਹੀ ਉਸ ਨੂੰ ਕੱਪੜੇ ਨਾਲ ਢਕ ਦਿੱਤਾ ਗਿਆ। ਫੋਰੈਂਸਿਕ ਅਤੇ ਸੀ.ਐਫ.ਐਸ.ਐਲ. (CFSL) ਦੀ ਟੀਮ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ‘ਤੇ ਇੱਕ ਟੀਮ ਪਹੁੰਚ ਗਈ। ਚੰਡੀਗੜ੍ਹ ਦੇ ਥਾਣਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਕੋਲੋਂ ਪਿਛਲੇ ਤਿੰਨ ਦਿਨਾਂ ਵਿੱਚ ਲਾਪਤਾ ਹੋਏ ਲੋਕਾਂ ਦਾ ਡੇਟਾ ਮੰਗਵਾਇਆ ਗਿਆ ਹੈ ਤਾਂ ਜੋ ਲਾਸ਼ ਦੀ ਸ਼ਨਾਖਤ ਕੀਤੀ ਜਾ ਸਕੇ।
ਮਲੋਆ ਥਾਣਾ ਪ੍ਰਭਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ। ਇਹ ਕਤਲ ਦਾ ਮਾਮਲਾ ਹੈ ਜਾਂ ਕੁਦਰਤੀ ਮੌਤ, ਇਸ ਦਾ ਖੁਲਾਸਾ ਫੋਰੈਂਸਿਕ ਰਿਪੋਰਟ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























