- ਆਪ ਦਾ ਪੰਜਾਬ ਵਿੱਚ ਕੋਈ ਜਨ ਅਧਾਰ ਨਹੀਂ
- ਆਪ ਤੋਂ ਬਾਗੀ ਹੋਏ ਧਰਮਵੀਰ ਗਾਂਧੀ ਨੂੰ ਹਲਕੇ ਦੇ ਵੋਟਰ ਮੂੰਹ ਨਹੀਂ ਲਾਉਣਗੇ
ਪਟਿਆਲਾ, 15 ਮਈ- ਸ਼੍ਰੋਮਣੀ ਅਕਾਲੀ ਦਲ ਅਤੇ ਆਪ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਦਾ ਤਾਂ ਕੀ ਸੰਵਾਰਨਾ ਸੀ ਸਗੋਂ ਇਹਨਾਂ ਪਾਰਟੀਆਂ ਦੇ ਆਗੂ ਨਿੱਜੀ ਹਿੱਤਾਂ ਅਤੇ ਅਹੁੱਦਿਆਂ ਦੀ ਲੜਾਈ ਵਿੱਚ ਹੀ ਉਲਝ ਕੇ ਰਹਿ ਗਏ ਹਨ। ਇਹ ਪ੍ਰਗਟਾਵਾ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ ਪਰਨੀਤ ਕੌਰ ਨੇ ਕੀਤਾ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਵਰ੍ਹਦਿਆਂ ਕਿਹਾ ਕਿ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਵਿਕਾਸ ਪੱਖੋਂ ਤਹਿਸ ਨਹਿਸ ਕਰਨ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੀ ਹਾਸ਼ੀਏ ‘ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ਼ ਪਿਛਲੇ ਦੋ ਸਾਲਾਂ ਦੌਰਾਨ ਹੋਰ ਵੀ ਹੇਠਾਂ ਆ ਗਿਆ ਹੈ।
ਪਰਨੀਤ ਕੌਰ ਨੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੀ ਘਟਨਾ ਦੇ ਮੁੱਦੇ ‘ਤੇ ਸ਼੍ਰੋਮਣੀ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਬਾਦਲਾਂ ਪ੍ਰਤੀ ਪੰਜਾਬ ਦੇ ਲੋਕਾਂ ਦੇ ਮਨਾ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ, ਕਿਉਂਕਿ ਬਾਦਲਾਂ ਨੇ ਇਹਨਾਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਹੁਣ ਜਦੋਂ ਕਾਂਗਰਸ ਸਰਕਾਰ ਨੇ ਸਿਟ ਦਾ ਗ਼ਠਨ ਕਰਕੇ ਇਨ੍ਹਾਂ ਵਿਰੁਧ ਕਾਰਵਾਈ ਅਰੰਭੀ ਤਾਂ ਇਨ੍ਹਾਂ ਨੇ ਚੋਣ ਕਮਿਸ਼ਨ ਤੋਂ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਵਾ ਦਿਤੀ ਪ੍ਰੰਤੂ ਇਹ ਅਜਿਹਾ ਕਰਕੇ ਆਪਣੀ ਗ਼ਲਤੀਆਂ ‘ਤੇ ਪਰਦਾ ਨਹੀਂ ਪਾ ਸਕਦੇ। ਉਨ੍ਹਾਂ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਵਿਚੋਂ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ।
ਪਰਨੀਤ ਕੌਰ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਜਨ ਅਧਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਕਿਉਂਕਿ ਇਹ ਪਾਰਟੀ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਕਈ ਵਿਧਾਇਕ ਅਤੇ ਕਈ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਪਾਰਟੀ ਦੇ ਉਮੀਦਵਾਰ ਆਪਣੀਆਂ ਜਮਾਨਤਾਂ ਵੀ ਨਹੀਂ ਬਚਾ ਸਕਣਗੇ। ਉਹਨਾਂ ਦੱਸਿਆ ਕਿ ਆਪ ਪਾਰਟੀ ਵਿੱਚੋਂ ਬਾਗੀ ਹੋਏ ਧਰਮਵੀਰ ਗਾਂਧੀ ਦਾ ਪਟਿਆਲੇ ਜ਼ਿਲ੍ਹੇ ਵਿੱਚ ਕੋਈ ਜਨ ਅਧਾਰ ਨਹੀਂ ਹੈ ਕਿਉਂਕਿ ਜਿਹੜਾ ਆਪਣੀ ਮਾਂ ਪਾਰਟੀ ਦਾ ਵਫ਼ਾਦਾਰ ਨਹੀਂ ਹੋ ਸਕਿਆ ਉਹ ਪਟਿਆਲਾ ਹਲਕੇ ਦੇ ਲੋਕਾਂ ਦਾ ਕੀ ਸੰਵਾਰ ਸਕਦਾ ਹੈ। ਇਥੋਂ ਤੱਕ ਕਿ ਲੋਕ ਤਾਂ ਨਵਾਂ ਪੰਜਾਬ ਪਾਰਟੀ ਦਾ ਨਾ ਤੱਕ ਵੀ ਨਹੀਂ ਜਾਣਦੇ।