ਬਟਾਲਾ, 14 ਮਈ-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 5 ਸਾਲਾਂ ਵਿੱਚ ਦੇਸ਼ ਦੇ ਅਜਿਹੇ ਹਾਲਾਤ ਕਰ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੀ ਸਰਕਾਰ ਦੇ ਜਾਣ ਦਾ ਡਰ ਹੁਣ ਬੜੀ ਬੁਰੀ ਤਰ੍ਹਾਂ ਨਾਲ ਸਤਾ ਰਿਹਾ ਹੈ। ਹਾਲਤ ਇਹ ਹੈ ਕਿ ਨਰਿੰਦਰ ਮੋਦੀ ਆਪਣੀ ਕੁਰਸੀ ਬਚਾਉਣ ਲਈ ਦੇਸ਼ ਦੀ ਬਲੀ ਤੱਕ ਦੇਣ ਨੂੰ ਤਿਆਰ ਹਨ।
ਅੱਜ ਬਟਾਲਾ ਵਿਖੇ ਵੱਖ ਵੱਖ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਜਾਖੜ ਨੇ ਕਿਹਾ ਕਿ ਮੋਦੀ ਨੇ ਇੱਥੋਂ ਤੱਕ ਕਿ ਭਗਵਾਨ ਰਾਮ ਨੂੰ ਵੀ ਨਹੀਂ ਬਖਸ਼ਿਆ ਅਤੇ ਆਪਣੀ ਸਿਆਸਤ ਚਮਕਾਉਣ ਲਈ ਧਰਮ ਨੂੰ ਵੀ ਵੇਚਿਆ। ਜਾਖੜ ਨੇ ਕਿਹਾ ਕਿ ਮੋਦੀ ਦੇਸ਼ ਦੇ ਨੌਜਵਾਨਾਂ ਦੀ ਗੱਲ ਨਹੀਂ ਕਰਦੇ, ਬੇਰੁਜ਼ਗਾਰੀ ਦੀ ਗੱਲ ਨਹੀਂ ਕਰਦੇ, ਵਧਦੀ ਮਹਿੰਗਾਈ ਦੀ ਗੱਲ ਨਹੀਂ ਕਰਦੇ, 2 ਕਰੋੜ ਨੌਕਰੀਆਂ ਦੀ ਗੱਲ ਨਹੀਂ ਕਰਦੇ, 15 ਲੱਖ ਰੁਪਏ ਦੀ ਗੱਲ ਨਹੀਂ ਕਰਦੇ।
ਉਨ੍ਹਾਂ ਮੋਦੀ ਤੇ ਤੰਜ ਕਸਦਿਆਂ ਕਿਹਾ ਕਿ ਮੋਦੀ ਰਾਮ ਮੰਦਰ ਬਣਾਉਣ ਦੀ ਡੇਟ, ਰਾਫੇਲ ਦਾ ਰੇਟ, ਬਾਰਡਰ ਤੇ ਮਰਦੇ ਸਿਪਾਹੀ ਅਤੇ ਖੁਦਕੁਸ਼ੀਆਂ ਕਰਦੇ ਕਿਸਾਨ ਬਾਰੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ।
ਜਾਖੜ ਨੇ ਦੋਸ਼ ਲਾਇਆ ਕਿ ਮੋਦੀ ਦੁਆਰਾ ਕੀਤੀ ਗਈ ਤਾਨਾਸ਼ਾਹੀ ਨੋਟਬੰਦੀ ਕਾਰਨ 55 ਲੱਖ ਨੌਕਰੀਆਂ ਖਤਮ ਹੋ ਗਈਆਂ। ਅੱਜ ਹਾਲਤ ਇਹ ਹਨ ਕਿ ਬੀਐਸਐਨਐਲ ਵਿੱਚ ਨੌਕਰੀਆਂ ਖਤਮ ਹੋ ਰਹੀਆਂ ਹਨ। ਜੈਟ ਏਅਰਵੇਜ਼ ਤੇ ਤਾਲਾ ਲੱਗ ਚੁੱਕਿਆ ਹੈ।
ਮੋਦੀ ਨੂੰ ਸਿੱਧਾ ਸਵਾਲ ਪੁੱਛਦੇ ਹੋਏ ਜਾਖੜ ਨੇ ਕਿਹਾ ਕਿ ਮੋਦੀ ਇਹ ਦੱਸਣਗੇ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਬਟਾਲੇ ਦੀ ਇੰਡਸਟਰੀ ਬਚਾਉਣ ਲਈ ਕੀ ਕੀਤਾ।
ਜਾਖੜ ਨੇ ਕਿਹਾ ਕਿ ਮੋਦੀ ਨੇ ਪੰਜਾਬ ਦੇ ਅਤੇ ਗੁਰਦਾਸਪੁਰ ਦੇ ਲੋਕਾਂ ਅੱਗੇ ਆਪਣੀ ਜਵਾਬਦੇਹੀ ਤੋਂ ਬਚਣ ਲਈ ਇੱਥੇ ਇੱਕ ਮੁੰਬਈ ਤੋਂ ਲਿਆ ਕੇ ਇਕ ਸ਼ਗੂਫਾ ਛੱਡ ਦਿੱਤਾ ਹੈ ਕਿ ਉਸ ਦੀ ਚਕਾਚੌਂਧ ਵਿੱਚ ਲੋਕ ਮੂਰਖ ਬਣ ਜਾਣਗੇ ਪ੍ਰੰਤੂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰ ਬਹੁਤ ਸਮਝਦਾਰ ਹਨ।