ਬਿਹਾਰ ਕਾਂਸਟੇਬਲ ਭਰਤੀ ਪ੍ਰੀਖਿਆ: ਵਿਦਿਆਰਥੀਆਂ ਲਈ ਚੱਲਣਗੀਆਂ 30 ਵਿਸ਼ੇਸ਼ ਰੇਲਗੱਡੀਆਂ
– ਭਲਕੇ ਲਗਭਗ 5.52 ਲੱਖ ਉਮੀਦਵਾਰ ਦੇਣਗੇ ਪ੍ਰੀਖਿਆ
ਨਵੀ ਦਿੱਲੀ, 16 ਜੂਨ 2026 (ਵਿਸ਼ਵ ਵਾਰਤਾ): ਬਿਹਾਰ ਸਰਕਾਰ, ਪੁਲਿਸ ਵਿਭਾਗ ਵਿੱਚ ਖਾਲੀ ਅਹੁਦਿਆਂ ਨੂੰ ਭਰਨ ਜਾ ਰਹੀ ਹੈ। ਪੁਲਿਸ ਭਰਤੀ ਪ੍ਰੀਖਿਆ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਭਾਰਤੀ ਰੇਲਵੇ ਕੁੱਲ 30 ਪ੍ਰੀਖਿਆ ਸਪੈਸ਼ਲ ਟ੍ਰੇਨਾਂ ਚਲਾ ਰਿਹਾ ਹੈ।
ਦੱਸ ਦਈਏ ਕਿ ਬਿਹਾਰ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਦੂਜੇ ਅਤੇ ਆਖਰੀ ਪੜਾਅ ਦਾ ਆਯੋਜਨ 17 ਜੂਨ ਯਾਨੀ ਕੱਲ੍ਹ ਹੋਣਾ ਹੈ। ਇਸ ਪੜਾਅ ਵਿੱਚ ਸੂਬੇ ਭਰ ਦੇ 500 ਪ੍ਰੀਖਿਆ ਕੇਂਦਰਾਂ ‘ਤੇ ਕਰੀਬ 5.52 ਲੱਖ ਉਮੀਦਵਾਰ ਪ੍ਰੀਖਿਆ ਦੇਣਗੇ।ਪ੍ਰੀਖਿਆਰਥੀਆਂ ਦੀ ਸੰਭਾਵਿਤ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ 16 ਅਤੇ 17 ਜੂਨ ਨੂੰ 30 ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟ੍ਰੇਨਾਂ 16 ਜੂਨ ਦੀ ਸ਼ਾਮ 7 ਵਜੇ ਤੋਂ ਚੱਲਣਗੀਆਂ। 17 ਜੂਨ ਨੂੰ ਇਹ ਪੂਰਾ ਦਿਨ ਵੱਖ-ਵੱਖ ਰੂਟਾਂ ‘ਤੇ ਚੱਲਣਗੀਆਂ।
ਪ੍ਰੀਖਿਆ ਨੂੰ ਲੈ ਕੇ ਬਿਹਾਰ ਦੇ ਕਈ ਰੇਲਵੇ ਸਟੇਸ਼ਨਾਂ ‘ਤੇ ਉਮੀਦਵਾਰਾਂ ਦੀ ਭੀੜ ਲੱਗੀ ਹੋਈ ਹੈ। ਸਟੇਸ਼ਨਾਂ ‘ਤੇ ਉਮੀਦਵਾਰ ਆਪਣੇ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਲਈ ਟ੍ਰੇਨਾਂ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਪਹਿਲੇ ਪੜਾਅ ਦੀ ਪ੍ਰੀਖਿਆ ਤੋਂ ਪਹਿਲਾਂ ਪਟਨਾ ਦੇ ਪਾਟਲੀਪੁੱਤਰ ਰੇਲਵੇ ਸਟੇਸ਼ਨ ‘ਤੇ ਟ੍ਰੇਨਾਂ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਉਮੀਦਵਾਰਾਂ ਨੇ ਜੰਮ ਕੇ ਹੰਗਾਮਾ ਕੀਤਾ ਸੀ। ਇਸ ਦੌਰਾਨ ਕੁਝ ਥਾਵਾਂ ‘ਤੇ ਟ੍ਰੇਨਾਂ ‘ਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ। ਜਿਸ ਤੋਂ ਬਾਅਦ ਪ੍ਰੀਖਿਆ ਤੋਂ ਪਹਿਲਾਂ ਰੇਲਵੇ ਨੇ ਵਾਧੂ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਲਿਆ ਹੈ, ਤਾਂ ਜੋ ਉਮੀਦਵਾਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























