ਸਮ੍ਰਿਤੀ ਮੰਧਾਨਾ ਨੇ ਵਧਾਇਆ ਦੇਸ਼ ਦਾ ਮਾਣ! TIME ਮੈਗਜ਼ੀਨ ਦੀ 100 ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਦੀ ਸੂਚੀ ‘ਚ ਬਣਾਈ ਜਗ੍ਹਾ
ਨਵੀ ਦਿੱਲੀ, 16 ਜੂਨ (ਵਿਸ਼ਵ ਵਾਰਤਾ)- ਭਾਰਤ ਦੀ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਇਸ ਸਮੇਂ ਇੰਗਲੈਂਡ ਵਿੱਚ ਹੈ ਅਤੇ ICC ਵੂਮੈਨਸ T20 ਵਰਲਡ ਕੱਪ ਵਿੱਚ ਹਿੱਸਾ ਲੈ ਰਹੀ ਹੈ । ਭਾਰਤ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ। ਇਸ ਹਾਈ-ਵੋਲਟੇਜ ਮੁਕਾਬਲੇ ਵਿੱਚ ਭਾਰਤ ਦੀ ਜਿੱਤ ਵਿੱਚ ਸਮ੍ਰਿਤੀ ਮੰਧਾਨਾ ਦਾ ਅਹਿਮ ਯੋਗਦਾਨ ਰਿਹਾ।
ਉਨ੍ਹਾਂ ਨੇ 44 ਗੇਂਦਾਂ ‘ਤੇ 68 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੁਣ ਟੀਮ ਇੰਡੀਆ ਆਪਣੇ ਦੂਜੇ ਮੁਕਾਬਲੇ ਵਿੱਚ 17 ਜੂਨ ਨੂੰ ਨੀਦਰਲੈਂਡ ਦਾ ਸਾਹਮਣਾ ਕਰੇਗੀ। ਇਸ ਮੁਕਾਬਲੇ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਦੇ ਪ੍ਰਸ਼ੰਸਕਾਂ (ਫੈਨਸ) ਲਈ ਵੱਡੀ ਖ਼ਬਰ ਆਈ ਹੈ।
ਦਰਅਸਲ, ਸਮ੍ਰਿਤੀ ਮੰਧਾਨਾ ਨੂੰ ਮਸ਼ਹੂਰ ‘ਟਾਈਮ’ (TIME) ਮੈਗਜ਼ੀਨ ਨੇ 100 ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਦੀ ਸੂਚੀ ਵਿੱਚ ਜਗ੍ਹਾ ਬਣਾਈ ਹੈ। ਇਸ ਖ਼ਾਸ ਸੂਚੀ ਵਿੱਚ ਸ਼ਾਮਲ ਹੋਣ ਵਾਲੀ ਉਹ ਇਕਲੌਤੀ ਭਾਰਤੀ ਖਿਡਾਰੀ ਹੈ। ਟਾਈਮ ਦੀ 100 ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਦੀ 2026 ਦੀ ਸੂਚੀ ਵਿੱਚ ਅਜਿਹੇ ਐਥਲੀਟ, ਕੋਚ ਅਤੇ ਨਿਵੇਸ਼ਕ ਸ਼ਾਮਲ ਹਨ ਜੋ ਖੇਡਾਂ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।
ਇਸ ਸੂਚੀ ਵਿੱਚ ਅਮਰੀਕੀ ਬਾਸਕਟਬਾਲ ਲੈਜੈਂਡ ਲੈਬਰੋਨ ਜੇਮਸ ਦੇ ਨਾਲ-ਨਾਲ ਫੁੱਟਬਾਲ ਦੇ ਦਿੱਗਜ ਲਿਓਨਲ ਮੈਸੀ, ਚੀਨੀ-ਅਮਰੀਕੀ ਸਕੇਅਰ (Skiier) ਆਈਲੀਨ ਗੂ, ਟੈਨਿਸ ਸਟਾਰ ਕਾਰਲੋਸ ਅਲਕਾਰਾਜ਼, ਬਾਸਕਟਬਾਲ ਖਿਡਾਰੀ ਵਿਕਟਰ ਵੇਮਬਾਨਿਆਮਾ ਅਤੇ ਮਸ਼ਹੂਰ ਗੋਲਫ਼ਰ ਰੋਰੀ ਮੈਕਲਰਾਏ ਵਰਗੇ ਵੱਡੇ ਨਾਂ ਵੀ ਸ਼ਾਮਲ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























