ਨੋਟਬੰਦੀ ਤੇ ਜੀ.ਐਸ.ਟੀ. ਲਾਗੂ ਹੋਣ ਨਾਲ ਲੋਕਾਂ ਦੇ ਬੁਰੇ ਦਿਨ ਆਏ
ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਵੱਡੇ ਉਦਯੋਗਿਕ ਘਰਾਣਿਆਂ ਦੇ ਕਰਜੇ ਮੁਆਫ ਕੀਤੇ
ਪਟਿਆਲਾ, 13 ਮਈ- 2014 ਵਿੱਚ ਨਰਿੰਦਰ ਮੋਦੀ ਨੇ ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਸਰਕਾਰ ਬਣਾਉਣ ਲਈ ਜੋ ਝੂਠੇ ਵਾਅਦੇ ਕੀਤੇ ਸਨ, ਉਸ ਦਾ ਖੋਖਲਾ ਪਣ ਇਹਨਾਂ ਲੋਕ ਸਭਾ ਚੋਣਾਂ ਵਿੱਚ ਮੋਦੀ ਨੇ ਆਪਣੇ ਚੋਣ ਪ੍ਰਚਾਰ ਵਿੱਚ ਖੁਦ ਹੀ ਜੱਗਜਾਹਰ ਕਰ ਦਿੱਤਾ ਕਿਉਂਕਿ ਉਸਨੇ ਆਪਣੇ ਪ੍ਰਚਾਰ ਦੌਰਾਨ ਪਿਛਲੇ 5 ਸਾਲਾਂ ਵਿੱਚ ਕੀਤੇ ਕਿਸੇ ਵੀ ਕੰਮ ਦਾ ਅਤੇ ਨਾ ਹੀ ਭਵਿੱਖ ਵਿੱਚ ਦੇਸ਼ ਲਈ ਕੀ ਕਰਨਾ ਚਾਹੁੰਦੇ ਹਨ, ਦਾ ਜਿਕਰ ਕੀਤਾ ਹੈ। ਇਹ ਆਪਣੇ ਆਪ ਵਿੱਚ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਆਮ ਲੋਕਾਂ ਨਾਲ ਬਹੁਤ ਵੱਡਾ ਵਿਸ਼ਵਾਸ਼ਘਾਤ ਹੈ। ਪਟਿਆਲਾ ਤੋਂ ਕਾਂਗਰਸ ਆਈ ਦੇ ਉਮੀਦਵਾਰ ਪਰਨੀਤ ਕੌਰ ਨੇ ਨਵੀਂ ਅਨਾਜ ਮੰਡੀ ਸਰਹਿੰਦ ਰੋਡ, ਜਗਦੀਸ਼ ਇਨਕਲੇਵ ਅਤੇ ਵਿਕਾਸ ਨਗਰ ਸਿਊਣਾ ਚੌਂਕ ਵਿਖੇ ਭਰਵੀਆਂ ਚੋਣ ਮੀਟਿੰਗਾਂ ਦੌਰਾਨ। ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਦਾਅਵਾ ਕਰਦਾ ਸੀ ਕਿ ਦੇਸ਼ ਦੇ ਲੋਕਾਂ ਦੇ ਅੱਛੇ ਦਿਨ ਆਉਣਗੇ। ਸਗੋਂ ਮੋਦੀ ਨੇ ਨੋਟਬੰਦੀ ਅਤੇ ਜੀ.ਐਸ.ਟੀ. ਲਾਗੂ ਕਰਕੇ ਲੋਕਾਂ ਦੇ ਬੁਰੇ ਦਿਨ ਲੈ ਆਂਦੇ। ਨੋਟਬੰਦੀ ਤੋਂ ਬਾਅਦ ਦੋ ਹਜ਼ਾਰ ਦੇ ਵੱਡੇ ਨੋਟ ਆਉਣ ਨਾਲ ਕਾਲੇ ਧਨ ਨੂੰ ਹੋਰ ਬੜਾਵਾ ਮਿਲਿਆ। ਉਹਨਾਂ ਕਿਹਾ ਕਿ ਮੋਦੀ ਇਹ ਵੀ ਦਾਅਵਾ ਕਰਦਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਂਦਾ ਜਾਵੇਗਾ ਅਤੇ ਦੇਸ਼ ਦੇ ਹਰੇਕ ਨਾਗਰਿਕ ਦੇ ਖਾਤੇ ਵਿੱਚ ਘੱਟੋ ਘੱਟ 15 ਲੱਖ ਰੁਪਏ ਜਰੂਰ ਆਉਣਗੇ। ਆਪਣੇ ਕਾਰਜਕਾਲ ਦੌਰਾਨ ਮੋਦੀ ਨੇ ਕਦੇ ਵੀ ਲੋਕਾਂ ਦੇ ਮਨਾ ਦੀ ਗੱਲ ਨਹੀਂ ਕੀਤੀ ਸਗੋਂ ਹਮੇਸ਼ਾਂ ਆਪਣੇ ਮਨ ਦੀਆਂ ਗੱਲਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ।
ਪਰਨੀਤ ਕੌਰ ਨੇ ਮੋਦੀ ਸਰਕਾਰ ਤੇ ਵਰਦਿਆਂ ਆਖਿਆ ਕਿ ਉਹਨਾਂ ਦੇ ਕਾਰਜਕਾਲ ਦੌਰਾਨ ਹੀ ਕਈ ਵੱਡੇ ਬੈਂਕ ਘੁਟਾਲੇ ਸਾਹਮਣੇ ਆਏ। ਮੋਦੀ ਨੇ ਖੁਦਕਸ਼ੀ ਕਰ ਰਹੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਵੱਡੇ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਰਜੇ ਮੁਆਫ ਕੀਤੇ। ਉਹਨਾਂ ਇਹ ਵੀ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕਈ ਵਾਰੀ ਕਿਸਾਨਾਂ ਨੂੰ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਕੋਲ ਪਹੁੰਚ ਕੀਤੀ ਗਈ। ਪ੍ਰੰਤੂ ਮੋਦੀ ਨੇ ਪੰਜਾਬ ਨੂੰ ਇੱਕ ਫੁਟੀ ਕੋੜੀ ਵੀ ਰਾਹਤ ਵਜੋਂ ਨਹੀਂ ਦਿੱਤੀ।
ਪਰਨੀਤ ਕੌਰ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਲੰਮੇ ਕਾਰਜਕਾਲ ਦੌਰਾਨ ਪਟਿਆਲੇ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹਨਾਂ ਨੇ ਪਟਿਆਲੇ ਦਾ ਵਿਕਾਸ ਤਾ ਕੀ ਕਰਨਾ ਸੀ ਸਗੋਂ ਇਥੋਂ ਦੀਆਂ ਸਰਕਾਰੀ ਜਾਇਦਾਦਾ ਵੇਚ ਕੇ ਪੈਸਾ ਬਾਹਰਲੇ ਜ਼ਿਲ੍ਹਿਆਂ ਤੇ ਲਗਾ ਦਿੱਤਾ। ਆਪਣੇ ਆਪ ਨੂੰ ਪੰਜਾਬ ਹਿਤੈਸ਼ੀ ਵਿਸ਼ੇਸ਼ ਕਰ ਕਿਸਾਨ ਹਿਤੈਸ਼ੀ ਕਹਿਣ ਵਾਲੀ ਅਕਾਲੀ ਪਾਰਟੀ ਨੇ ਕਿਸਾਨਾਂ ਨੂੰ ਕਰਜੇ ਤੋਂ ਰਾਹਤ ਦਿਵਾਉਣ ਲਈ ਕੋਈ ਕਦਮ ਨਹੀਂ ਚੁਕਿਆ ਸਗੋਂ ਪੰਜਾਬ ਵਿੱਚ ਮਾਫੀਆ ਰਾਜ ਰਾਹੀਂ ਲੋਕਾਂ ਨੂੰ ਲੁਟਿਆ ਗਿਆ ਅਤੇ ਆਮ ਲੋਕਾਂ ਦੇ ਹਿੱਤਾਂ ਨੂੰ ਬੁਰੀ ਤਰ੍ਹਾਂ ਕੁਚਲਿਆ ਗਿਆ। ਉਹਨਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਰਜੇ ਵਿੱਚ ਡੁੱਬੇ ਛੋਟੇ ਕਿਸਾਨਾਂ ਦੀ ਬਾਂਹ ਫੜੀ ਅਤੇ ਉਹਨਾਂ ਨੂੰ ਕਰਜੇ ਤੋਂ ਰਾਹਤ ਦਿਵਾਉਣ ਵਾਸਤੇ ਦੋ-ਦੋ ਲੱਖ ਰੁਪਏ ਤੱਕ ਦੇ ਕਰਜੇ ਮਾਅਫ ਕੀਤੇ ਜਾ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਸਰਕਾਰਾਂ ਨੇ ਹੀ ਵਿਕਾਸ ਪੱਖੋਂ ਪਟਿਆਲਾ ਦੀ ਨੁਹਾਰ ਬਦਲੀ ਹੈ। ਉਹਨਾਂ ਪਟਿਆਲਾ ਦਿਹਾਤੀ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪਰਨੀਤ ਕੌਰ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਕਾਮਯਾਬ ਕਰਨ। ਇਸ ਮੌਕੇ ਸੰਤ ਬਾਂਗਾ, ਅਨਿਲ ਮਹਿਤਾ, ਗੁਰਜੀਤ ਸਿੰਘ ਗੁਰੀ, ਦੇਵੀ ਦਿਆਲ ਗੋਇਲ, ਹਰਜੀਤ ਸਿੰਘ ਸ਼ੇਰੂ, ਸੁਖਜਿੰਦਰ ਸਿੰਘ ਮਾਨਸ਼ਾਹੀਆ ਅਤੇ ਰਿੱਚੀ ਡਕਾਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆੜਤੀਆ ਐਸੋਸ਼ੀਏਸ਼ਨ ਦੇ ਆਹੁਦੇਦਾਰ, ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਅਤੇ ਕੌਂਸਲਰ ਤੇ ਹੋਰ ਪਤਵੰਤੇ ਵੀ ਮੌਂਜ਼ੂਦ ਸਨ।
ਫੋਟੋ ਕੈਪਸ਼ਨ- ਪਰਨੀਤ ਕੌਰ ਤੇ ਬ੍ਰਹਮ ਮਹਿੰਦਰਾ, ਨਵੀਂ ਅਨਾਜ ਮੰਡੀ ਪਟਿਆਲਾ ਵਿਖੇ ਇੱਕ ਵਿਸ਼ਾਲ ਚੋਣ ਰੈਲੀ ਦੌਰਾਨ।