ਕੀ ਬਾਦਲ ਨੇ ਐੱਸ ਵਾਈ ਐੱਲ ਨਹਿਰ, ਚੰਡੀਗੜ੍ਹ, ਪੰਜਾਬ ਨੂੰ ਵਿਸ਼ੇਸ਼ ਦਰਜਾ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਹੱਲ ਕਰ ਲਏ ?
ਬਠਿੰਡਾ, 13 ਮਈ – ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਬਠਿੰਡਾ ਤੋਂ ਸਾਂਝੇ ਲੋਕਤੰਤਰੀ ਗਠਜੋੜ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਅੱਜ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਉਹ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਗੰਭੀਰ ਮਸਲੇ ਨੂੰ ਨਿਗੂਣਾ ਦੱਸ ਰਹੇ ਹਨ ਅਤੇ ਨਰੇਂਦਰ ਮੋਦੀ ਦੀ ਤੁਲਨਾ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਨਾਲ ਕਰ ਰਹੇ ਹਨ, ਜੋ ਕਿ ਉਸਦੀ ਵੱਡੀ ਭੁੱਲ ਹੈ ।
ਖਹਿਰਾ ਨੇ ਇਥੇ ਚੋਣ ਮੀਟਿੰਗ ਵਿਚ ਬੋਲਦੇ ਹੋਏ ਕਿਹਾ ਕਿ ਬੇਅਦਬੀ ਦਾ ਮਾਮਲਾ ਛੋਟਾ ਨਹੀਂ ਹੈ ਅਤੇ ਚੋਣਾਂ ਵਿਚ ਇਕ ਮੁਖ ਮੁੱਦਾ ਹੈ । ਉਹਨਾਂ ਨੇ ਕਿਹਾ ਕਿ ਬਾਦਲ ਨੂੰ ਨਰੇਂਦਰ ਮੋਦੀ ਦੇ ਨਾਮ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਹਨ । ਉਹਨਾਂ ਨੇ ਕਿਹਾ ਕੇ ਬਾਦਲ ਮੋਦੀ ਦੀ ਤੁਲਨਾ ਇਬਰਾਹੀਮ ਲਿੰਕਨ ਨਾਲ ਕਰ ਰਿਹਾ ਹੈ ਜਦ ਕਿ ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੋਦੀ ਘਟ ਗਿਣਤੀਆਂ ਦਾ ਵਿਰੋਧੀ ਹੈ ਅਤੇ ਲਿੰਕਨ ਨੇ ਘਟ ਗਿਣਤੀਆਂ ਦੀ ਰੱਖਿਆ ਕੀਤੀ ਅਤੇ ਅਮਰੀਕਾ ਨੂੰ ਵਿਸ਼ਵ ਤਾਕਤ ਬਣਾਇਆ। ਮੋਦੀ ਨੇ ਇਸ ਦੇ ਉਲਟ ਭਾਰਤ ਵਿਚ ਜਾਤ ਪਾਤ ਦੀ ਰਾਜਨੀਤੀ ਕੀਤੀ ਜਿਸ ਦਾ ਜਿਕਰ ਅਮਰੀਕਾ ਦੇ ਸਭ ਤੋਂ ਵੱਡੇ ਮੈਗਜ਼ੀਨ ਟਾਈਮ ਨੇ ਵੀ ਕੀਤਾ ਹੈ ।
ਖਹਿਰਾ ਨੇ ਕਿਹਾ ਹੌਰਾਨੀ ਦੀ ਗੱਲ ਹੈ ਕਿ ਮੋਦੀ ਨੇ ਬਾਦਲ ਦੀ ਤੁਲਨਾ ਦੱਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸਨ ਮੰਡੇਲਾ ਨਾਲ ਕਰ ਦਿਤੀ ਸੀ ਜਿਸ ਤੋਂ ਵੱਡੀ ਬੇਫਕੂਫੀ ਹੋਰ ਨਹੀਂ ਹੋ ਸਕਦੀ । ਖਹਿਰਾ ਨੇ ਯਾਦ ਕਰਵਾਇਆ ਕਿ ਮੰਡੇਲਾ ਨੇ ਦੱਖਣੀ ਅਫ਼ਰੀਕਾ ਦੀ ਆਜ਼ਾਦੀ ਲਈ 27, ਸਾਲ ਜੇਲ ਕੱਟੀ ਜਦਕਿ ਕਿ ਬਾਦਲ ਨੇ ਆਪਣੇ ਜੇਲ ਰਿਕਾਰਡ ਵਿਚ ਵੀ ਹੇਰਾਫੇਰੀ ਕੀਤੀ ਹੋਈ ਹੈ ।ਖਹਿਰਾ ਨੇ ਕਿਹਾ ਕਿ ਨੈਲਸਨ ਮੰਡੇਲਾ ਨੇ ਆਪਣੇ ਦੇਸ਼ ਦੇ ਲੋਕਾਂ ਲਈ ਕੁਰਬਾਨੀ ਕੀਤੀ ਅਤੇ ਉਸਨੇ ਲੁੱਟ ਖਸੁੱਟ ਕਰਕੇ 600 ਬੱਸਾਂ ਨਹੀਂ ਬਣਾਈਆਂ ਅਤੇ ਨਾ ਹੀ ਆਲੀਸ਼ਾਨ ਹੋਟਲ ਬਣਾਏ । ਮੰਡੇਲਾ ਨੇ ਕਦੇ ਲੋਕਾਂ ਦੀ ਪਿੱਠ ਵਿਚ ਛੁਰਾ ਨਹੀਂ ਮਾਰਿਆ ਜੋ ਕਿ ਬਾਦਲ ਪਰਿਵਾਰ ਦੀ ਫਿਤਰਤ ਹੈ ।
ਖਹਿਰਾ ਨੇ ਅੱਗੇ ਕਿਹਾ ਕਿ ਬਠਿੰਡਾ ਦੇ ਲੋਕ ਹਰਸਿਮਰਤ ਬਾਦਲ ਨੂੰ ਪਿੰਡ ਵਿਚ ਨਹੀਂ ਘੁਸਣ ਦਿੰਦੇ ਕਿਓੰਕੇ ਲੋਕਾਂ ਵਿਚ ਬਾਦਲ ਪਰਿਵਾਰ ਵਿਰੁੱਧ ਗੁੱਸਾ ਹੈ । ਉਹਨਾਂ ਕਿਹਾ ਕਿ ਹਰਸਿਮਰਤ ਮੋਦੀ ਕੈਬਿਨੇਟ ਵਿਚ ਸ਼ਾਮਿਲ ਸੀ ਪਰ ਉਸਨੇ ਕਦੇ ਪੰਜਾਬ ਦੇ ਹੱਕਾਂ ਲਈ ਅਵਾਜ ਨਹੀਂ ਉਠਾਈ । ਪੰਜਾਬ ਨੂੰ ਵਿਸ਼ੇਸ਼ ਦਰਜ ਲੈਣ ਵਿਚ ਵੀ ਬਾਦਲ ਅਤੇ ਉਸਦੀ ਨੂੰਹ ਅਸਫਲ ਰਹੇ ।
ਖਹਿਰਾ ਨੇ ਬਾਦਲ ਨੂੰ ਸਵਾਲ ਕੀਤਾ ਕਿ ਉਹ ਕਿੰਨੀ ਵਾਰ ਚੰਡੀਗੜ੍ਹ, ਦਰਿਆਈ ਪਾਣੀਆਂ ਅਤੇ ਪੰਜਾਬ ਬੋਲਦੇ ਇਲਾਕਿਆਂ ਦੇ ਮਸਲੇ ਉਠਾ ਕੇ ਚੋਣ ਜਿੱਤੀ ਪਰ ਕੀ ਉਹਨਾਂ ਨੇ ਹੁਣ ਤਕ ਇੱਕ ਵੀ ਮਸਲਾ ਹੱਲ ਕਰਵਾਇਆ । ਜਦ ਕੇ ਪੰਜਾਬ, ਹਰਿਆਣਾ ਅਤੇ ਕੇਂਦਰ ਵਿਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਇੱਕੋ ਸਮੇ ਰਹੀ । ਉਹਨਾਂ ਨੇ ਕਿਹਾ ਕਿ ਬਾਦਲ ਹਮੇਸ਼ਾ ਸਿੱਖ ਕੋਮ ਦੇ ਹਿਤਾਂ ਖਿਲਾਫ ਚਲਦਾ ਰਿਹਾ ਅਤੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਭਾਰਤੀ ਫੌਜ਼ ਦਾ ਹਮਲਾ ਵੀ ਇਸ ਦੀ ਸਹਿਮਤੀ ਨਾਲ ਹੋਇਆ ਸੀ । ਬਾਦਲ ਉਸ ਸਮੇ ਇੰਦਰਾ ਗਾਂਧੀ ਦੇ ਸਲਾਹਕਾਰ ਪੀ ਸੀ ਅਲੈਗਜੈਂਡਰ ਨਾਲ ਗੁਪਤ ਮੀਟਿੰਗ ਕਰਦੇ ਰਹੇ ।
ਖਹਿਰਾ ਨੇ ਸੁਖਬੀਰ ਬਾਦਲ ਨੂੰ ਵੀ ਕਿਹਾ ਕਿ ਉਹ ਆਪਣੇ ਬਾਪ ਉੱਤੇ ਬੇਲੋੜਾ ਮਾਣ ਨਾ ਕਰੇ ਅਤੇ ਇਸ ਭੁਲਖੇ ਵਿਚ ਨਾ ਰਹੇ ਕਿ ਬਾਦਲ ਨੈਲਸਨ ਮੰਡੇਲਾ ਹੈ । ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਉਸਦੇ ਬਾਪ ਦਾ ਨਾਮ ਇਤਿਹਾਸ ਵਿਚ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ ।ਉਹਨਾਂ ਕਿਹਾ ਕਿ ਜਲਦੀ ਹੀ ਓਹਨਾ ਦਾ ਹਸ਼ਰ ਉਹਨਾਂ ਨੂੰ ਨਜ਼ਰ ਆ ਜਾਵੇਗਾ ।