UPSC ਪ੍ਰੀਖਿਆ ‘ਚ ਸਫ਼ਲ ਹੋਏ ਪੰਜਾਬ ਦੇ ਉਮੀਦਵਾਰਾਂ ਨੂੰ CM ਮਾਨ ਨੇ ਕੀਤਾ ਸਨਮਾਨਿਤ
– ਵਿਦਿਆਰਥੀਆਂ ਤੇ ਮਾਪਿਆਂ ਨੂੰ ਦਿੱਤੀ ਵਧਾਈ
ਨਵੀ ਦਿੱਲੀ, 15 ਜਨ 2026 (ਵਿਸ਼ਵ ਵਾਰਤਾ): ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ UPSC ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਮਾਪੇ ਵੀ ਮੌਜੂਦ ਸਨ। ਇਹ ਸਨਮਾਨ ਸਮਾਰੋਹ ਪੰਜਾਬ ਭਵਨ ਵਿਖੇ ਆਯੋਜਿਤ ਕੀਤਾ ਗਿਆ।

ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਇਨ੍ਹਾਂ ਨਾਲ਼ ਵਿਚਾਰ-ਵਟਾਂਦਰਾ ਵੀ ਕੀਤਾ ਅਤੇ ਭਵਿੱਖ ‘ਚ ਹੋਰ ਕਾਮਯਾਬੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਨ੍ਹਾਂ ਸਫ਼ਲ ਉਮੀਦਵਾਰਾਂ ਨੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਮਾਨ ਸਰਕਾਰ ਦੀ ਅਗਾਂਹਵਧੂ ਸੋਚ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਨਮਾਨ ਦੇਣ ਲਈ ਧੰਨਵਾਦ ਕੀਤਾ।

ਦੱਸ ਦਈਏ ਕਿ ਸੰਘ ਲੋਕ ਸੇਵਾ ਕਮਿਸ਼ਨ (UPSC) ਸਿਵਲ ਸੇਵਾਵਾਂ ਪ੍ਰੀਖਿਆ 2025 ਵਿੱਚ ਪੰਜਾਬ ਦੇ ਕਈ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਟਿਆਲਾ ਜ਼ਿਲ੍ਹੇ ਦੇ ਨਾਭਾ ਦੀ ਰਹਿਣ ਵਾਲੀ ਸਿਮਰਨਦੀਪ ਕੌਰ ਨੇ ਆਲ ਇੰਡੀਆ ਰੈਂਕ (AIR) 15 ਹਾਸਲ ਕਰਕੇ ਪੰਜਾਬ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਸਿਮਰਨਦੀਪ ਸੂਬੇ ਦੀ ਟੌਪਰ ਬਣੀ।
ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਦੀ ਰਸਨੀਤ ਕੌਰ ਨੇ UPSC ਸਿਵਲ ਸੇਵਾਵਾਂ ਪ੍ਰੀਖਿਆ 2025 ਵਿੱਚ AIR 51 ਹਾਸਲ ਕੀਤੀ। ਬਿਜਲੀ ਲਾਈਨਮੈਨ ਦੀ ਬੇਟੀ ਰਸਨੀਤ ਨੇ ਬਿਨਾਂ ਕਿਸੇ ਕੋਚਿੰਗ ਦੇ ਪਹਿਲੀ ਕੋਸ਼ਿਸ਼ ਵਿੱਚ ਹੀ ਇਹ ਸਫਲਤਾ ਪ੍ਰਾਪਤ ਕੀਤੀ। ਉੱਥੇ ਹੀ ਫਰੀਦਕੋਟ ਦੇ ਸੁਨਾਵਰਦੀਪ ਸਿੰਘ ਮਸੌਣ ਨੇ AIR 76 ਪ੍ਰਾਪਤ ਕੀਤਾ। ਪੰਜਾਬ ਸਹਿਕਾਰਤਾ ਵਿਭਾਗ ਵਿੱਚ ਗ੍ਰੇਡ-ਬੀ ਇੰਸਪੈਕਟਰ ਵਜੋਂ ਤਾਇਨਾਤ ਸੁਨਾਵਰਦੀਪ ਨੂੰ ਤੀਜੀ ਕੋਸ਼ਿਸ਼ ਵਿੱਚ ਇਹ ਸਫਲਤਾ ਮਿਲੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























