ਪੰਜਾਬ ’ਚ SIR ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ
ਚੰਡੀਗੜ੍ਹ, 15 ਜੂਨ (ਵਿਸ਼ਵ ਵਾਰਤਾ) ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ’ਚ ਅੱਜ (15 ਜੂਨ) ਤੋਂ ਐੱਸ ਆਈ ਆਰ (ਵਿਸ਼ੇਸ਼ ਸੁਧਾਈ) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਤੀਜੇ ਪੜਾਅ ਤਹਿਤ 16 ਸੂਬਿਆਂ ’ਚ ਐੱਸ ਆਈ ਆਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜਿਸ ’ਚ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪੰਜਾਬ ’ਚ ਇਸ ਵੇਲੇ ਕਰੀਬ 2.14 ਕਰੋੜ ਵੋਟਰ ਹਨ। ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੀ ਪ੍ਰਕਿਰਿਆ ਅਹਿਮ ਹੈ।
ਪੰਜਾਬ ਵਿੱਚ 24,453 ਬੀ ਐੱਲ ਓ’ਜ਼ ਨੂੰ ਵਿਸ਼ੇਸ਼ ਸੁਧਾਈ ਲਈ ਤਾਇਨਾਤ ਕੀਤਾ ਗਿਆ ਹੈ ਅਤੇ 8547 ਬਲਾਕ ਲੈਵਲ ਏਜੰਟ ਲਗਾਏ ਜਾਣਗੇ। ਪੰਜਾਬ ਵਿੱਚ ਅੱਜ (15 ਜੂਨ) ਤੋਂ 24 ਜੂਨ ਤੱਕ ਸੂਬੇ ਭਰ ’ਚ ਟਰੇਨਿੰਗ, ਤਿਆਰੀ ਅਤੇ ਸੁਧਾਈ ਤੋਂ ਪਹਿਲਾਂ ਵਾਲੇ ਰਸਮੀ ਕੰਮਕਾਰ ਚੱਲਣਗੇ ਅਤੇ 25 ਜੂਨ ਤੋਂ ਬੂਥ ਲੈਵਲ ਅਫਸਰ (ਬੀ ਐੱਲ ਓ’ਜ਼) ਘਰ-ਘਰ ਜਾ ਕੇ ਵੋਟਰਾਂ ਦੀ ਤਸਦੀਕ ਕਰਨਗੇ। ਜਾਂਚ ਦਾ ਕੰਮ 24 ਜੁਲਾਈ ਨੂੰ ਸਮਾਪਤ ਹੋਵੇਗਾ। ਇਸ ਤੋਂ ਬਾਅਦ 31 ਜੁਲਾਈ ਨੂੰ ਡਰਾਫ਼ਟ ਵੋਟਰ ਸੂਚੀ ਜਾਰੀ ਹੋਵੇਗੀ ਅਤੇ 28 ਸਤੰਬਰ ਤੱਕ ਦਾਅਵੇ ਤੇ ਇਤਰਾਜ਼ ਸੁਣ ਕੇ ਨਿਬੇੜਾ ਕੀਤਾ ਜਾਵੇਗਾ। ਪਹਿਲੀ ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਵੇਗੀ।























