FIFA World Cup 2026: ਪਹਿਲੇ ਹੀ ਮੈਚ ‘ਚ ਸਕਾਟਲੈਂਡ ਦੀ ਸ਼ਾਨਦਾਰ ਜਿੱਤ
ਨਵੀ ਦਿੱਲੀ, 14 ਜੂਨ 2026 (ਵਿਸ਼ਵ ਵਾਰਤਾ): ਫੀਫਾ ਵਰਲਡ ਕੱਪ 2026 ਦੇ ਗਰੁੱਪ ‘ਸੀ’ ਦੇ ਮੁਕਾਬਲੇ ਵਿੱਚ ਸਕਾਟਲੈਂਡ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਹੈਤੀ ਨੂੰ 1-0 ਨਾਲ ਹਰਾਇਆ। ਸਕਾਟਲੈਂਡ ਨੇ ਵਿਸ਼ਵ ਕੱਪ ਵਿੱਚ ਇਹ 36 ਸਾਲਾਂ ਬਾਅਦ ਜਿੱਤ ਦਰਜ ਕੀਤੀ ਹੈ। ਇਹ ਜਿੱਤ ਸਕਾਟਲੈਂਡ ਲਈ ਕਈ ਮਾਇਨਿਆਂ ਵਿੱਚ ਖਾਸ ਰਹੀ। ਟੀਮ ਨੇ 1990 ਤੋਂ ਬਾਅਦ ਪਹਿਲੀ ਵਾਰ ਵਰਲਡ ਕੱਪ ਵਿੱਚ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ 1982 ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਸਕਾਟਲੈਂਡ ਨੇ ਕਿਸੇ ਵਰਲਡ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ ਹੈ।
ਮੈਚ ਦੀ ਸ਼ੁਰੂਆਤ ਤੇਜ਼ ਅਤੇ ਹਮਲਾਵਰ ਰਹੀ। ਦੋਵਾਂ ਟੀਮਾਂ ਨੇ ਦਰਸ਼ਕਾਂ ਦੇ ਰੌਲ਼ੇ-ਰੱਪੇ ਦੇ ਵਿਚਕਾਰ ਵਧੀਆ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ। ਸ਼ੁਰੂਆਤੀ ਮਿੰਟਾਂ ਵਿੱਚ ਸਕਾਟਲੈਂਡ ਨੇ ਆਪਣਾ ਦਬਦਬਾ ਬਣਾਇਆ। ਸਕਾਟ ਮੈਕਟੋਮਿਨੇ ਨੇ 7ਵੇਂ ਮਿੰਟ ਵਿੱਚ ਇੱਕ ਸ਼ਾਨਦਾਰ ਹੈਡਰ ਲਗਾਇਆ, ਜੋ ਕ੍ਰਾਸਬਾਰ ਦੇ ਉੱਪਰੋਂ ਲੰਘ ਗਿਆ। ਇਸ ਤੋਂ ਕੁਝ ਦੇਰ ਬਾਅਦ ਉਨ੍ਹਾਂ ਨੇ ਇੱਕ ਹੋਰ ਮੌਕਾ ਬਣਾਇਆ, ਪਰ ਗੇਂਦ ਪੋਸਟ ਨਾਲ ਟਕਰਾ ਕੇ ਵਾਪਸ ਆ ਗਈ।ਹੈਤੀ ਨੇ ਵੀ ਜਵਾਬੀ ਹਮਲੇ ਕੀਤੇ ਅਤੇ ਸਕਾਟਲੈਂਡ ‘ਤੇ ਦਬਾਅ ਬਣਾਈ ਰੱਖਿਆ, ਪਰ 29ਵੇਂ ਮਿੰਟ ਵਿੱਚ ਸਕਾਟਲੈਂਡ ਦੀ ਟੀਮ ਬੜ੍ਹਤ ਹਾਸਲ ਕਰਨ ਵਿੱਚ ਕਾਮਯਾਬ ਰਹੀ।
ਫਾਰਵਰਡ ਖਿਡਾਰੀ ਚੇ ਐਡਮਜ਼ ਨੇ ਲੰਬੀ ਗੇਂਦ ‘ਤੇ ਕੰਟਰੋਲ ਬਣਾਇਆ ਅਤੇ ਬੇਨ ਗੈਨਨ-ਡੋਕ ਨੂੰ ਪਾਸ ਦਿੱਤਾ। ਉਨ੍ਹਾਂ ਦੇ ਕਰਾਸ ਨੂੰ ਹੈਤੀ ਦੇ ਡਿਫੈਂਡਰ ਨੇ ਬਲਾਕ ਕਰ ਦਿੱਤਾ, ਪਰ ਗੇਂਦ ਜੌਨ ਮੈਕਗਿਨ ਕੋਲ ਪਹੁੰਚ ਗਈ। ਮੈਕਗਿਨ ਨੇ ਬਾਕਸ ਦੇ ਕਿਨਾਰੇ ਤੋਂ ਜ਼ੋਰਦਾਰ ਸ਼ਾਟ ਲਗਾਇਆ, ਜੋ ਹਲਕਾ ਜਿਹਾ ਡਿਫਲੈਕਟ (ਦਿਸ਼ਾ ਬਦਲ ਕੇ) ਹੋ ਕੇ ਗੋਲਕੀਪਰ ਜੌਨੀ ਪਲੇਸਿਡ ਨੂੰ ਚਕਮਾ ਦਿੰਦੇ ਹੋਏ ਗੋਲ ਪੋਸਟ ਵਿੱਚ ਚਲਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























