ਅਕਾਲੀ ਭਾਜਪਾ ਸਰਕਾਰਾਂ ਨੇ ਪਟਿਆਲੇ ਦੀਆਂ ਸਰਕਾਰੀ ਜ਼ਮੀਨਾਂ ਵੇਚ ਕੇ ਪੈਸਾ ਬਠਿੰਡੇ ਭੇਜਿਆ
ਪਟਿਆਲਾ, 10 ਮਈ- ਕਾਂਗਰਸ ਆਈ ਦੇ ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪਰਨੀਤ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਪਟਿਆਲਾ ਹਲਕੇ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜੀ ਆਈ ਹੈ। ਉਹਨਾਂ ਕਿਹਾ ਕਿ ਪਿਛਲੀ ਅਕਾਲੀ ਭਜਾਪਾ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਜਾਣ ਬੁਝ ਕੇ ਪਟਿਆਲਾ ਲੋਕ ਸਭਾ ਹਲਕੇ ਦੇ ਵਿਕਾਸ ਕਾਰਜਾਂ ਤੇ ਇੱਕ ਪਾਈ ਨਹੀਂ ਖਰਚੀ ਸਗੋਂ ਪਟਿਆਲੇ ਦੀਆਂ ਸਰਕਾਰੀ ਜਾਇਦਾਦਾ ਦਾ ਮੁੱਲ ਵੱਟ ਕੇ ਸਾਰਾ ਪੈਸਾ ਬਾਹਰ ਲੈ ਗਏ। ਉਹਨਾਂ ਆਖਿਆ ਕਿ ਪਟਿਆਲਾ ਸ਼ਹਿਰ ਦੀ ਦਿੱਖ ਨੂੰ ਹੋਰ ਵਧੇਰੇ ਚਾਰ ਚੰਨ ਲਗਾਉੇਣ ਅਤੇ ਸ਼ਹਿਰੀਆਂ ਨੂੰ ਸਾਰੀਆਂ ਮੁਢਲੀਆਂ ਸਹੂਲਤਾਂ ਉਪਲਬਧ ਕਰਵਾਉਣ ਲਈ ਵਿਆਪਕ ਪੱਧਰ ਤੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਨਾਗਰਿਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਭਾਖੜਾ ਨਹਿਰ ਦਾ ਪਾਣੀ ਸੋਧਕੇ ਸਪਲਾਈ ਕਰਨ ਦਾ 700 ਕਰੋੜ ਰੁਪਏ ਦਾ ਪ੍ਰੋਜੈਕਟ ਮਨਜੂਰ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਲਈ ਵੀ ਇੱਕ ਵਿਆਪਕ ਯੋਜਨਾਂ ਉਲੀਕੀ ਗਈ ਹੈ। ਜਿਸ ਅਧੀਨ ਜਿਥੇ ਸ਼ਹਿਰ ਦੇ ਚੌਗਿਰਦੇ ਨੂੰ ਹੋਰ ਵਧੇਰੇ ਸਾਫ ਸੁਥਰਾ ਅਤੇ ਹਰਿਆ ਭਰਿਆ ਬਣਾਇਆ ਜਾਵੇਗਾ। ਉਥੇ ਹੀ ਪਟਿਆਲਾ ਸ਼ਹਿਰ ਵਿਚੋਂ ਲੰਗਦੀਆਂ ਛੋਟੀ ਨਦੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਦਾ ਪ੍ਰੋਜੈਕਟ ਵੀ ਸ਼ੁਰੂ ਹੋ ਚੁੱਕਾ ਹੈ। ਜਿਸ ਤੇ ਕਿ 670 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਦੋਵੇਂ ਨਦੀਆਂ ਦੀ ਸਾਫ ਸਫਾਈ ਦੇ ਨਾਲ-ਨਾਲ ਦੋਵੇਂ ਕਿਨਾਰੇ ਪੱਕੇ ਕਰਕੇ ਲੈਂਡ ਸਕੇਪਿੰਗ ਕੀਤੀ ਜਾਵੇਗੀ। ਜਿਸ ਨੂੰ ਕਿ ਸੈਰਗਾਹ ਦੇ ਰੂਪ ਵਿੱਚ ਵਿਕਸਤ ਕੀਤਾ ਜਾਵੇਗਾ।
ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀ ਆਵਾਜਾਈ ਨੂੰ ਹੋਰ ਬੇਹਤਰ ਬਣਾਉਣ ਲਈ 100 ਕਰੋੜ ਰੁਪਏ ਦੀ ਲਾਗਤ ਨਾਲ 84 ਕਿਲੋਮੀਟਰ ਸੜਕਾਂ ਨੂੰ ਚੌੜਾ ਤੇ ਮਜਬੂਤ ਕੀਤਾ ਹੈ। ਉਹਨਾਂ ਕਿਹਾ ਕਿ ਘਰਾਂ ਦੀ ਰਹਿੰਦ ਖੂਹੰਦ ਦੀ ਸੁਚੱਜੀ ਸੰਭਾਲ ਦਾ 8 ਕਰੋੜ ਰੁਪਏ ਦਾ ਪ੍ਰੋਜੈਕਟ ਵੀ ਸ਼ੁਰੂ ਹੋ ਚੁੱਕਾ ਹੈ। ਉਹਨਾਂ ਦੱਸਿਆ ਕਿ ਸ਼ਹਿਰ ਦੀ ਸੀਵਰੇਜ ਵਿਵਸਥਾ ਨੂੰ ਸੁਚਾਰੂ ਬਣਾਉਣ ਵਾਸਤੇ ਜਲਦੀ ਹੀ ਡੇਅਰੀਆਂ ਬਾਹਰ ਕੱਢੀਆਂ ਜਾਣਗੀਆ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਨਿਰਵਿਘਨ ਬਿਜਲੀ ਦੇਣ ਲਈ 18 ਕਰੋੜ ਰੁਪਏ ਦੀ ਲਾਗਤ ਨਾਲ 66 ਕੇ.ਵੀ. ਗਰਿੱਡ ਦੀ ਉਸਾਰੀ ਕੀਤੀ ਗਈ ਹੈ।