National: ਖਾਨ ਸਰ ਦੇ ਕੋਚਿੰਗ ਸੈਂਟਰ ‘ਤੇ ਹਮਲਾ
– ਹਮਲੇ ਤੋਂ ਬਾਅਦ ਕੋਚਿੰਗ ਸੈਂਟਰ ਬੰਦ
– ਹਮਲੇ ਤੋਂ ਬਾਅਦ ਵਿਦਿਆਰਥੀ ਸੜਕਾਂ ‘ਤੇ ਆਏ
– ਖਾਨ ਸਰ ਨੂੰ ਸੁਰੱਖਿਆਂ ਦੀ ਕੀਤੀ ਮੰਗ
ਪਟਨਾ , 3 ਜੂਨ (ਵਿਸ਼ਵ ਵਾਰਤਾ): ਮੰਗਲਵਾਰ ਰਾਤ ਨੂੰ ਪਟਨਾ ਵਿੱਚ ਖਾਨ ਸਰ ਦੇ ਕੋਚਿੰਗ ਸੈਂਟਰ, ਗਲੋਬਲ ਸਟੱਡੀਜ਼ ‘ਤੇ ਹਮਲਾ ਹੋਣ ਦੀ ਖਬਰ ਸ੍ਹਾਮਣੇ ਆਈ ਹੈ। ਦੱਸ ਧਿਆਏ ਕਿ ਇਸ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ‘ਚ ਕੁਝ ਲੋਕ ਇੱਕ ਗਾਰਡ ਨੂੰ ਕੁੱਟਦੇ ਦਿਖਾਈ ਦੇ ਰਹੇ ਹਨ। ਹਮਲੇ ਦੌਰਾਨ ਇੱਟਾਂ-ਪੱਥਰ ਵੀ ਸੁੱਟੇ ਗਏ, ਅਤੇ ਪੋਸਟਰ ਵੀ ਪਾੜ ਦਿੱਤੇ ਗਏ। ਹਮਲੇ ਤੋਂ ਬਾਅਦ, ਖਾਨ ਸਰ ਦਾ ਕੋਚਿੰਗ ਸੈਂਟਰ ਅੱਜ, ਬੁੱਧਵਾਰ ਲਈ ਬੰਦ ਕਰ ਦਿੱਤਾ ਗਿਆ ਹੈ। ਖਾਨ ਸਰ ਨੇ ਕਿਹਾ, “ਅੱਜ ਕੋਈ ਕਲਾਸਾਂ ਨਹੀਂ ਹੋਣਗੀਆਂ।”
ਖਾਨ ਸਰ ਦਾ ਕਹਿਣਾ ਹੈ ਕਿ ਹਮਲੇ ਵਿੱਚ ਸੁਰੱਖਿਆ ਗਾਰਡ ਦਾ ਸਿਰ ਪਾਟ ਗਿਆ ਸੀ। ਉਸਨੂੰ ਪੀਐਮਸੀਐਚ ਵਿੱਚ ਦਾਖਲ ਕਰਵਾਇਆ ਗਿਆ ਹੈ। ਖਾਨ ਸਰ ਨੇ ਕਿਹਾ, “ਮਾਹੌਲ ਇੰਨਾ ਤਣਾਅਪੂਰਨ ਸੀ ਕਿ ਮੈਨੂੰ ਕੁਝ ਸਮਝ ਨਹੀਂ ਆਇਆ।” ਖਾਨ ਸਰ ਨੇ ਦੋਸ਼ ਲਗਾਇਆ ਹੈ ਕਿ ਘੱਟ ਫੀਸਾਂ ‘ਤੇ ਚੰਗੀ ਸਿੱਖਿਆ ਪ੍ਰਦਾਨ ਕਰਨ ਕਾਰਨ ਵਿਰੋਧੀ ਕੋਚਿੰਗ ਸੰਸਥਾਵਾਂ ਉਨ੍ਹਾਂ ਦੇ ਕੰਮ ਵਿੱਚ ਰੁਕਾਵਟ ਪਾ ਰਹੀਆਂ ਹਨ ਅਤੇ ਇਸੇ ਲਈ ਉਨ੍ਹਾਂ ਦੇ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ।
ਖਾਨ ਸਰ ਦੁਆਰਾ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਸੇ ਵੀ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ ਹੈ। ਪਟਨਾ ਪੁਲਿਸ ਨੇ ਵੀ ਕਿਸੇ ਵੀ ਗੋਲੀਬਾਰੀ ਤੋਂ ਇਨਕਾਰ ਕੀਤਾ ਹੈ। ਇਸ ਦੌਰਾਨ, ਕੋਚਿੰਗ ਸੈਂਟਰ ‘ਤੇ ਹਮਲੇ ਤੋਂ ਬਾਅਦ, ਵੱਡੀ ਗਿਣਤੀ ਵਿੱਚ ਵਿਦਿਆਰਥੀ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਉਹ ਮੰਗ ਕਰ ਰਹੇ ਹਨ ਕਿ ਜਦੋਂ ਤੱਕ ਖਾਨ ਸਰ ਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਾਂਦੀ, ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।
ਪਟਨਾ ਪੁਲਿਸ ਨੇ ਇਸ ਮਾਮਲੇ ‘ਚ ਫਾਇਰਿੰਗ ਤੋਂ ਇਨਕਾਰ ਕੀਤਾ ਅਤੇ ਇਸਨੂੰ ਦੋ ਕੋਚਿੰਗ ਸੰਸਥਾਵਾਂ ਨਾਲ ਜੁੜੇ ਲੋਕਾਂ ਵਿਚਕਾਰ ਆਪਸੀ ਝਗੜੇ ਅਤੇ ਲੜਾਈ ਦਾ ਮਾਮਲਾ ਦੱਸਿਆ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਕਰ ਰਹੀ ਹੈ ਅਤੇ ਅਗਲੀ ਕਾਰਵਾਈ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























