Punjab: ਬਿਕਰਮ ਮਜੀਠੀਆ ਵਿਰੁੱਧ ਦਰਜ FIR ‘ਤੇ ਅੱਜ ਹਾਈਕੋਰਟ ‘ਚ ਮੁੜ ਹੋਵੇਗੀ ਸੁਣਵਾਈ
ਚੰਡੀਗੜ੍ਹ, 3 ਜੂਨ (ਵਿਸ਼ਵ ਵਾਰਤਾ) – ਅੰਮ੍ਰਿਤਸਰ ਦੇ ਮਜੀਠਾ ਪੁਲਿਸ ਸਟੇਸ਼ਨ ਵਿੱਚ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਿਰੁੱਧ ਦਰਜ ਐਫਆਈਆਰ ‘ਮਾਮਲੇ ਤੇ ਅੱਜ 3 ਜੂਨ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ ਸੁਣਵਾਈ ਹੋਵੇਗੀ। ਦੱਸ ਦਈਏ ਕਿ ਬੀਤੇ ਦਿਨ ਵੀ ਇਸ ਮਾਮਲੇ ‘ਤੇ ਸੁਣਵਾਈ ਹੋਈ ਸੀ, ਪਰ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਅੱਜ ਲਈ ਸੁਣਵਾਈ ਮੁੜ ਨਿਰਧਾਰਤ ਕੀਤੀ ਸੀ। ਹੁਣ ਇਸ ਮਾਮਲੇ ਦੀ ਅੱਜ ਦੁਬਾਰਾ ਸੁਣਵਾਈ ਹੋਵੇਗੀ ਅਤੇ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰੇਗੀ।
ਦੱਸ ਦਈਏ ਕਿ 1 ਜੂਨ ਨੂੰ ਹਾਈ ਕੋਰਟ ਨੇ ਅਕਾਲੀ ਦਲ ਦੀ ਪਟੀਸ਼ਨ ‘ਤੇ ਡੀਜੀਪੀ, ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਅਤੇ ਮਜੀਠਾ ਪੁਲਿਸ ਸਟੇਸ਼ਨ ਦੇ ਐਸਐਚਓ ਨੂੰ ਬਿਕਰਮ ਮਜੀਠੀਆ ਵਿਰੁੱਧ ਦਰਜ FIR ‘ਤੇ ਨੋਟਿਸ ਜਾਰੀ ਕੀਤੇ ਸਨ।
ਇਸ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਮਜੀਠੀਆ ਨੂੰ ਫੜਨ ਲਈ 12 ਟੀਮਾਂ ਦਾ ਗਠਨ ਕੀਤਾ ਸੀ। ਸੋਮਵਾਰ ਨੂੰ ਅੰਮ੍ਰਿਤਸਰ ਤੋਂ ਇਲਾਵਾ ਚੰਡੀਗੜ੍ਹ ਵਿੱਚ ਵੀ ਮਜੀਠੀਆ ਦੀ ਭਾਲ ਕੀਤੀ ਗਈ। ਪੁਲਿਸ ਮੁਤਾਬਕ ਮਜੀਠੀਆ ਅਤੇ ਉਨ੍ਹਾਂ ਦੇ ਸਾਥੀਆਂ ‘ਤੇ 31 ਮਈ ਨੂੰ ਮਜੀਠਾ ਥਾਣੇ ਤੋਂ ਜ਼ਬਰਦਸਤੀ ਆਪਣੇ ਸਾਥੀ ਜੋਬਨਜੀਤ ਸਿੰਘ ਨੂੰ ਛੁਡਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਮਜੀਠੀਆ ‘ਤੇ ਪੁਲਿਸ ਅਧਿਕਾਰੀਆਂ ਦੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਹੈ।
ਫੜੇ ਜਾਣ ਵਿੱਚ ਅਸਫਲ ਰਹਿਣ ਤੋਂ ਬਾਅਦ, ਪੁਲਿਸ ਨੇ 31 ਮਈ ਨੂੰ ਦੇਰ ਸ਼ਾਮ ਮਜੀਠੀਆ ਵਿਰੁੱਧ ਲੁੱਕਆਊਟ ਸਰਕੂਲਰ (LOC) ਜਾਰੀ ਕੀਤਾ ਤਾਂ ਜੋ ਉਸਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਿਆ ਜਾ ਸਕੇ। ਸੋਮਵਾਰ ਸ਼ਾਮ ਨੂੰ, ਸਰਕਾਰ ਨੇ ਇਸ ਮਾਮਲੇ ਦੇ ਸਬੰਧ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸੋਹੇਲ ਕਾਸਿਮ ਮੀਰ ਨੂੰ ਵੀ ਹਟਾ ਦਿੱਤਾ ਸੀ।
ਦੂਜੇ ਪਾਸੇ, ਅਕਾਲੀ ਦਲ ਨੇ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ਼ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇੱਕ ਸਾਜ਼ਿਸ਼ ਤਹਿਤ ਮੁਲਜ਼ਮ ਨੂੰ ਥਾਣੇ ਵਿੱਚੋਂ ਛੁਡਵਾਇਆ ਗਿਆ। ਇਸ ਮਾਮਲੇ ਵਿੱਚ ਬਿਕਰਮ ਮਜੀਠੀਆ ਸਮੇਤ ਕਈ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























