Entertainment: ਯੂਟਿਊਬ ਨੇ ਹਟਾਇਆ ਸੁਨੰਦਾ ਸ਼ਰਮਾ ਦਾ ਨਵਾਂ ਗੀਤ
ਚੰਡੀਗੜ੍ਹ, 28 ਮਈ (ਵਿਸ਼ਵ ਵਾਰਤਾ): ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਨਵੇਂ ਗੀਤ “ਜੋਗੀ” ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਦਰਅਸਲ ਸੁਨੰਦਾ ਸ਼ਰਮਾ ਦਾ ਇਹ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਰਿਲੀਜ਼ ਤੋਂ ਬਾਅਦ ਗੀਤ ਨੂੰ ਕਰੀਬ 1.8 ਮਿਲੀਅਨ ਵਿਊਜ਼ ਮਿਲ ਚੁੱਕੇ ਸਨ, ਪਰ ਅਚਾਨਕ “ਜੋਗੀ” ਯੂਟਿਊਬ ਤੋਂ ਹਟਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਕਾਪੀਰਾਈਟ ਕਾਰਨਾਂ ਕਰਕੇ ਯੂਟਿਊਬ ਨੇ 26 ਮਈ ਤੋਂ ਇਸ ਗਾਣੇ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ। ਇਸ ਮਾਮਲੇ ’ਤੇ ਸੁਨੰਦਾ ਸ਼ਰਮਾ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਪੂਰੀ ਸੱਚਾਈ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ “ਜੋਗੀ” ਗੀਤ ਜਲਦੀ ਹੀ ਮੁੜ ਯੂਟਿਊਬ ’ਤੇ ਸੁਣਨ ਲਈ ਉਪਲਬਧ ਹੋਵੇਗਾ।
ਦੱਸ ਆਈਏ ਕਿ ਸੁਨੰਦਾ ਸ਼ਰਮਾ ਨੇ 21 ਮਈ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ‘ਤੇ ਆਪਣਾ ਨਵਾਂ ਸਿੰਗਲ “ਜੋਗੀ” ਰਿਲੀਜ਼ ਕੀਤਾ ਸੀ, ਪਰ ਪੰਜ ਦਿਨ ਬਾਅਦ, 26 ਮਈ ਨੂੰ ਇਸਨੂੰ ਯੂਟਿਊਬ ਤੋਂ ਹਟਾ ਦਿੱਤਾ। ਰਿਲੀਜ਼ ਹੁੰਦੇ ਹੀ ਇਸ ਗੀਤ ਨੂੰ ਤੇਜ਼ੀ ਨਾਲ ਵਿਊਜ਼ ਮਿਲੇ। ਸੁਨੰਦਾ ਦਾ ਦਾਅਵਾ ਹੈ ਕਿ ਇਸ ਗੀਤ ਨੂੰ 1.8 ਮਿਲੀਅਨ ਵਿਊਜ਼ ਮਿਲ ਚੁੱਕੇ ਸਨ।
ਇਹ ਗਾਣਾ ਰਾਜਾ ਦੁਆਰਾ ਲਿਖਿਆ ਗਿਆ ਸੀ ਅਤੇ ਏਡੇਨ ਦੁਆਰਾ ਤਿਆਰ ਕੀਤਾ ਗਿਆ ਸੀ। ਰਾਜਾ ਦੇ ਸਾਬਕਾ ਪ੍ਰਮੋਟਰਾਂ ਨੇ ਗਾਣੇ ਦੀ ਮਾਲਕੀ ਦਾ ਦਾਅਵਾ ਕਰਦੇ ਹੋਏ ਯੂਟਿਊਬ ਨੂੰ ਦਸਤਾਵੇਜ਼ ਜਮ੍ਹਾਂ ਕਰਵਾਏ ਸਨ। ਸੁਨੰਦਾ ਸ਼ਰਮਾ ਦੀ ਟੀਮ ਦਾ ਦਾਅਵਾ ਹੈ ਕਿ ਇਹ ਦਸਤਾਵੇਜ਼ ਪੂਰੀ ਤਰ੍ਹਾਂ ਨਕਲੀ ਹਨ। ਹਾਲਾਂਕਿ, ਯੂਟਿਊਬ ਨੇ ਕਿਸੇ ਵੀ ਵਿਵਾਦ ਤੋਂ ਬਚਣ ਲਈ ਆਪਣੀ ਨੀਤੀ ਦੇ ਅਨੁਸਾਰ ਗਾਣੇ ਨੂੰ ਅਸਥਾਈ ਤੌਰ ‘ਤੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਸੁਨੰਦਾ ਦੀ ਕਾਨੂੰਨੀ ਟੀਮ ਹੁਣ ਕਾਪੀਰਾਈਟ ਸਟ੍ਰਾਈਕ ਨੂੰ ਹਟਾਉਣ ਲਈ ਕੰਮ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























