National: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਦੇ ਸਕਦੇ ਨੇ ਅਸਤੀਫ਼ਾ !
– ਡੀਕੇ ਸ਼ਿਵਕੁਮਾਰ ਹੋ ਸਕਦੇ ਨੇ ਅਗਲੇ ਮੁੱਖ ਮੰਤਰੀ
– 15 ਤੋਂ 20 ਨਵੇਂ ਮੰਤਰੀ ਵੀ ਬਣਾਏ ਜਾ ਸਕਦੇ ਹਨ
ਕਰਨਾਟਕ, 28 ਮਈ (ਵਿਸ਼ਵ ਵਾਰਤਾ): ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅੱਜ ਅਸਤੀਫ਼ਾ ਦੇ ਸਕਦੇ ਹਨ। ਉਨ੍ਹਾਂ ਨੇ ਰਾਜਪਾਲ ਥਾਵਰਚੰਦ ਗਹਿਲੋਤ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਹੈ ਅਤੇ ਬੈਂਗਲੁਰੂ ਸਥਿਤ ਆਪਣੇ ਨਿਵਾਸ ਸਥਾਨ ‘ਤੇ ਮੰਤਰੀਆਂ ਦੀ ਨਾਸ਼ਤੇ ‘ਤੇ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਤੋਂ ਬਾਅਦ ਜਲਦੀ ਹੀ ਸਪੱਸ਼ਟ ਹੋ ਜਾਵੇਗਾ ਕਿ ਮੁੱਖ ਮੰਤਰੀ ਸਿੱਧਰਮਈਆ ਅਸਤੀਫਾ ਦੇਣਗੇ ਜਾਂ ਨਹੀਂ। ਸੂਤਰਾਂ ਅਨੁਸਾਰ, ਉਨ੍ਹਾਂ ਨੇ ਆਪਣੇ ਅਸਤੀਫੇ ਲਈ ਹਾਈਕਮਾਨ ਅੱਗੇ ਕੁਝ ਸ਼ਰਤਾਂ ਰੱਖੀਆਂ ਹਨ। ਇਨ੍ਹਾਂ ਵਿੱਚ ਆਪਣੇ ਪੁੱਤਰ ਨੂੰ ਕੈਬਨਿਟ ਮੰਤਰੀ ਵਜੋਂ ਨਿਯੁਕਤ ਕਰਨਾ ਸ਼ਾਮਲ ਹੈ।
ਕਾਂਗਰਸ ਵਿਧਾਇਕ ਅਸ਼ੋਕ ਪੱਟਨ ਦੇ ਅਨੁਸਾਰ, ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਮੁੱਖ ਮੰਤਰੀ ਬਣ ਸਕਦੇ ਹਨ। ਮੁੱਖ ਮੰਤਰੀ ਅਹੁਦੇ ਦੇ ਨਾਲ-ਨਾਲ, ਕੈਬਨਿਟ ਵਿੱਚ ਵੀ ਫੇਰਬਦਲ ਹੋਵੇਗਾ। ਕੈਬਨਿਟ ਵਿੱਚ ਲਗਭਗ 15 ਤੋਂ 20 ਨਵੇਂ ਮੰਤਰੀ ਸ਼ਾਮਲ ਕੀਤੇ ਜਾ ਸਕਦੇ ਹਨ। ਕਰਨਾਟਕ ਕਾਂਗਰਸ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਵੀ ਬੈਂਗਲੁਰੂ ਪਹੁੰਚੇ ਹਨ।
ਇਹ ਵੀ ਦੱਸ ਦਈਏ ਕਿ ਮੁੱਖ ਮੰਤਰੀ ਸਿੱਧਰਮਈਆ ਨੇ ਰਾਜਪਾਲ ਨਾਲ ਮੁਲਾਕਾਤ ਲਈ ਵੀ ਸਮਾਂ ਮੰਗਿਆ ਹੈ। ਸਿੱਧਰਮਈਆ ਰਾਜਪਾਲ ਥਾਵਰਚੰਦ ਗਹਿਲੋਤ ਨੂੰ ਆਪਣਾ ਅਸਤੀਫ਼ਾ ਸੌਂਪ ਸਕਦੇ ਹਨ। ਸੂਤਰਾਂ ਦੇ ਅਨੁਸਾਰ ਡੀਕੇ ਸ਼ਿਵਕੁਮਾਰ ਸ਼ੁੱਕਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਜਾਣਗੇ। ਕਾਂਗਰਸ ਡੀਕੇ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ।
ਇਸ ਤੋਂ ਪਹਿਲਾਂ ਸਿੱਧਰਮਈਆ ਅਤੇ ਡੀਕੇ ਸ਼ਿਵਕੁਮਾਰ 26 ਮਈ ਨੂੰ ਦਿੱਲੀ ਪਹੁੰਚੇ। ਦੋਵਾਂ ਨੇਤਾਵਾਂ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਛੇ ਘੰਟੇ ਦੀ ਮੀਟਿੰਗ ਕੀਤੀ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























