National: ਦਿੱਲੀ ਵਿੱਚ ਇੱਕ 60 ਸਾਲ ਦੇ ਸਕਿਉਰਿਟੀ ਗਾਰਡ ਦਾ ਬੇਰਹਿਮੀ ਨਾਲ ਕਤਲ
ਨਵੀਂ ਦਿੱਲੀ, 27 ਮਈ (ਵਿਸ਼ਵ ਵਾਰਤਾ): ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇੱਕ 60 ਸਾਲਾ ਸੁਰੱਖਿਆ ਗਾਰਡ ਦੀ ਬੇਰਹਿਮੀ ਨਾਲ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਇਸ ਬੇਰਹਿਮੀ ਨਾਲ ਕੀਤੇ ਗਏ ਕਤਲ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਇਸ ਕਤਲ ਪਿੱਛੇ ਪੁਰਾਣੀ ਰੰਜਿਸ਼ ਹੈ।
ਪੁਲਿਸ ਨੇ ਖੁਲਾਸਾ ਕੀਤਾ ਕਿ ਪਹਿਲਾਂ ਮੁਲਜ਼ਮਾ ਨੇ ਪਹਿਲਾਂ ਗਾਰਡ ਨੂੰ ਧਮਕੀ ਦਿੱਤੀ, ਫਿਰ ਉਸ ‘ਤੇ ਡੰਡੇ ਨਾਲ ਹਮਲਾ ਕੀਤਾ ਅਤੇ ਅੰਤ ਵਿੱਚ ਬੋਲੇਰੋ ਗੱਡੀ ਨਾਲ ਦੋ ਵਾਰ ਕੁਚਲ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਜਾਂਚ ਤੋਂ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ, ਇੱਕ ਸੁਰੱਖਿਆ ਗਾਰਡ ਅਤੇ ਇੱਕ ਨਾਬਾਲਗ ਵਿਚਕਾਰ ਝਗੜਾ ਹੋਇਆ ਸੀ। ਦੋਸ਼ ਹੈ ਕਿ ਗਾਰਡ ਨੇ ਨਾਬਾਲਗ ਨਾਲ ਗਾਲ੍ਹਾਂ ਕੱਢੀਆਂ ਸਨ। ਨਾਬਾਲਗ ਨੇ ਇਸ ਬੇਇਜ਼ਤੀ ਦਾ ਬਦਲਾ ਲੈਣ ਲਈ ਆਪਣੇ ਦੋਸਤਾਂ ਨਾਲ ਮਿਲ ਕੇ ਗਾਰਡ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਇਹ ਘਟਨਾ 24 ਮਈ 2026 ਦੀ ਹੈ।
ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਰਤੀ ਗਈ ਗੱਡੀ ਦੀ ਅਸਲ ਨੰਬਰ ਪਲੇਟ ਹਟਾ ਦਿੱਤੀ ਤਾਂ ਜੋ ਗੱਡੀ ਦੀ ਪਛਾਣ ਨਾ ਹੋ ਸਕੇ। ਜਾਂਚ ਤੋਂ ਪਤਾ ਲੱਗਾ ਕਿ ਮਹਿੰਦਰਾ ਬੋਲੇਰੋ ਨਿਓ ਨਾਬਾਲਗ ਮੁਲਜ਼ਮ ਦੀ ਮਾਮੀ ਦੇ ਨਾਮ ‘ਤੇ ਰਜਿਸਟਰਡ ਸੀ। ਬਾਅਦ ਵਿੱਚ ਪੁਲਿਸ ਨੇ ਕਤਲ ਵਿੱਚ ਵਰਤੀ ਗਈ ਗੱਡੀ ਬਰਾਮਦ ਕਰ ਲਈ ਹੈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ 22 ਸਾਲਾ ਵਿਨੈ ਅਤੇ 18 ਸਾਲਾ ਆਯੁਸ਼ ਚੌਹਾਨ ਵਜੋਂ ਹੋਈ ਹੈ। ਦੋ ਹੋਰ ਮੁਲਜ਼ਮ ਨਾਬਾਲਗ ਹਨ। ਵਿਨੈ ਬਹਾਦਰਗੜ੍ਹ, ਹਰਿਆਣਾ ਦਾ ਰਹਿਣ ਵਾਲਾ ਬੀਸੀਏ ਦੂਜੇ ਸਾਲ ਦਾ ਵਿਦਿਆਰਥੀ ਹੈ, ਜਦੋਂ ਕਿ ਆਯੁਸ਼ ਦਿੱਲੀ ਦੇ ਨਜਫਗੜ੍ਹ ਦਾ ਰਹਿਣ ਵਾਲਾ ਹੈ। ਪੁੱਛਗਿੱਛ ਦੌਰਾਨ, ਸਾਰਿਆਂ ਨੇ ਕਤਲ ਵਿੱਚ ਆਪਣੀ ਸਿੱਧੀ ਸ਼ਮੂਲੀਅਤ ਕਬੂਲ ਕਰ ਲਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























