ਪਟਿਆਲਾ, 2 ਮਈ- ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਅਤੇ ਵੱਖ-ਵੱਖ ਜਗ੍ਹਾ ਤੋਂ ਆਈਆਂ ਸੈਂਕੜੇ ਮਹਿਲਾਵਾਂ ਨੇ ਅੱਜ ਮੋਤੀਬਾਗ ਮਹਿਲ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੀਨੀਅਰ ਕਾਂਗਰਸੀ ਆਗੂ ਅਤੇ ਕਾਂਗਰਸ ਆਈ ਦੀ ਉਮੀਦਵਾਰ ਪਰਨੀਤ ਕੌਰ ਦੀ ਬੇਟੀ ਬੀਬਾ ਜੈਇੰਦਰ ਕੌਰ ਨਾਲ ਇੱਕ ਵਿਸੇਸ਼ ਮੀਟਿੰਗ ਕਰਕੇ ਪਰਨੀਤ ਕੌਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਮੋਰਚਾ ਸਾਂਭ ਲਿਆ। ਇਸ ਮੌਕੇ ਜੈਇੰਦਰ ਕੌਰ ਨੇ ਸਮੁੱਚੀਆਂ ਮਹਿਲਾਵਾਂ ਵਿੱਚ ਜੋਸ਼ ਭਰਦਿਆਂ ਆਪਣੀ ਮਾਤਾ ਪਰਨੀਤ ਕੌਰ ਦੀ ਚੋਣ ਮੁਹਿੰਮ ਵਿੱਚ ਡੱਟ ਜਾਣ ਲਈ ਕਿਹਾ। ਇਸ ਮੌਕੇ ਸਮੁੱਚੀਆਂ ਮਹਿਲਾਵਾਂ ਨੇ ਇੱਕ ਸੁਰ ਵਿੱਚ ਜੈਇੰਦਰ ਕੌਰ ਨੂੰ ਯਕੀਨ ਦਿਵਾਇਆ ਕਿ ਪਰਨੀਤ ਕੌਰ ਨੂੰ ਸਮੁੱਚੇ ਪਟਿਆਲਾ ਹਲਕੇ ਵਿੱਚ ਵੱਡੀ ਲੀਡ ਨਾਲ ਜਿਤਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਮਮਤਾ ਦੱਤਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਗਰ ਕੌਂਸਲ, ਪੰਚਾਇਤੀ ਅਤੇ ਕਾਰਪੋਰੇਸ਼ਨ ਚੋਣਾਂ ਵਿੱਚ ਮਹਿਲਾਵਾਂ ਨੂੰ 50 ਪ੍ਰਤੀਸ਼ਤ ਹਿੱਸੇਦਾਰੀ ਦੇ ਕੇ ਸਮੁੱਚੀਆ ਮਹਿਲਾਵਾਂ ਦਾ ਮਾਣ ਅਤੇ ਸਨਮਾਨ ਵਧਾਇਆ ਹੈ। ਉਹਨਾਂ ਅੱਗੇ ਕਿਹਾ ਕਿ ਉਹ ਅਤੇ ਉਹਨਾਂ ਦੀ ਸਮੁੱਚੀ ਟੀਮ ਚੋਣਾਂ ਤੱਕ ਪਰਨੀਤ ਕੌਰ ਦੇ ਹੱਕ ਵਿੱਚ ਸਮੁੱਚੇ ਪਟਿਆਲਾ ਹਲਕੇ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰੇਗੀ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਪਰਨੀਤ ਕੌਰ ਦੇ ਹੱਕ ਵਿੱਚ ਇੱਕ ਇੱਕ ਵੋਟ ਭੁਗਤਾਈ ਜਾ ਸਕੇ।
ਇਸ ਮੌਕੇ ਪੰਜਾਬ ਰਾਜ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਮਹਿਲਾ ਕਾਂਗਰਸ ਜਿਲ੍ਹਾ ਪਟਿਆਲਾ ਦੀ ਪ੍ਰਧਾਨ ਕਿਰਨ ਢਿਲੋਂ, ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਦੀਪਕ ਜੋਤੀ, ਬਿੰਨੀ ਸੁੰਦਰ ਸਿੰਘ, ਸਿੰਮੀ, ਬਲਵਿੰਦਰ ਕੌਰ ਨਰੜੂ, ਪੁਸ਼ਪਿੰਦਰ ਕੌਰ ਗਿੱਲ, ਕਿਰਨਦੀਪ ਕੌਰ, ਡਿੰਪਲ ਗਿੱਲ ਸਾਰੀਆਂ ਬਲਾਕ ਪ੍ਰਧਾਨ, ਕੌਂਸਲਰ ਸਰੋਜ ਸ਼ਰਮਾ, ਰੀਨਾ ਬਾਂਸਲ ਰੇਖਾ ਅਗਰਵਾਲ ਅਤੇ ਮੀਨੂੰ ਅਰੋੜਾ, ਨਿੱਧੀ ਧਾਲੀਵਾਲ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮਹਿਲਾਵਾਂ ਹਾਜਰ ਸਨ।