IPL 2026 : ਪੰਜਾਬ ਕਿੰਗਜ਼ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾਇਆ ; ਪੰਜਾਬ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ
ਸ਼੍ਰੇਅਸ ਅਈਅਰ ਨੇ ਜੜਿਆ ਸ਼ਾਨਦਾਰ ਸੈਂਕੜਾ
ਚੰਡੀਗੜ੍ਹ, 23 ਮਈ(ਵਿਸ਼ਵ ਵਾਰਤਾ) IPL 2026 ਦਾ 68ਵਾਂ ਮੈਚ ਅੱਜ ਪੰਜਾਬ ਕਿੰਗਜ਼ ਅਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਖੇਡਿਆ ਗਿਆ, ਜਿਸ ਵਿੱਚ ਪੰਜਾਬ ਕਿੰਗਜ਼ ਨੇ ਲਖਨਊ ਨੂੰ 7 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਹ ਮੈਚ ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ, ਜਿੱਥੇ ਪੰਜਾਬ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਲਖਨਊ ਸੁਪਰ ਜਾਇੰਟਸ ਦੀ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 196 ਦੌੜਾਂ ਬਣਾਈਆਂ। ਜਵਾਬ ਵਿੱਚ, ਪੰਜਾਬ ਨੇ 18 ਓਵਰਾਂ ਵਿੱਚ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ। ਇਸ ਜਿੱਤ ਨਾਲ, ਪੰਜਾਬ ਦੀਆਂ ਪਲੇਆਫ ਦੀਆਂ ਉਮੀਦਾਂ ਬਰਕਰਾਰ ਹਨ। ਪੰਜਾਬ ਦੇ ਹੁਣ 15 ਅੰਕ ਹਨ। ਅੱਜ ਕਪਤਾਨ ਸ਼੍ਰੇਅਸ ਅਈਅਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਉਸਨੇ ਛੱਕਾ ਮਾਰ ਕੇ ਆਪਣਾ ਸੈਂਕੜਾ ਪੂਰਾ ਕੀਤਾ। ਸ਼੍ਰੇਅਸ ਨੇ 51 ਗੇਂਦਾਂ ‘ਤੇ ਅਜੇਤੂ 101 ਦੌੜਾਂ ਬਣਾਈਆਂ। ਸ਼੍ਰੇਅਸ ਤੋਂ ਇਲਾਵਾ ਪ੍ਰਭਸਿਮਰਨ ਸਿੰਘ ਨੇ 69 ਦੌੜਾਂ ਬਣਾ ਕੇ ਮਜ਼ਬੂਤ ਸ਼ੁਰੂਆਤ ਦਿੱਤੀ। ਲਖਨਊ ਲਈ, ਮੁਹੰਮਦ ਸ਼ਮੀ ਨੇ 2 ਵਿਕਟਾਂ ਲਈਆਂ, ਜਦੋਂ ਕਿ ਅਰਜੁਨ ਤੇਂਦੁਲਕਰ ਨੇ ਇੱਕ ਵਿਕਟ ਲਈ।
ਜੇਕਰ ਲਖਨਊ ਦੀ ਗੱਲ ਕਰੀਏ ਤਾਂ ਲਖਨਊ ਲਈ, ਜੋਸ਼ ਇੰਗਲਿਸ ਨੇ ਸਭ ਤੋਂ ਵੱਧ 72 ਦੌੜਾਂ ਬਣਾਈਆਂ, ਜਦੋਂ ਕਿ ਆਯੁਸ਼ ਬਡੋਨੀ ਨੇ ਸਿਰਫ਼ 18 ਗੇਂਦਾਂ ਵਿੱਚ 43 ਦੌੜਾਂ ਦਾ ਯੋਗਦਾਨ ਪਾਇਆ। ਪੰਜਾਬ ਲਈ ਮਾਰਕੋ ਜਾਨਸਨ ਅਤੇ ਯੁਜਵੇਂਦਰ ਚਾਹਲ ਨੇ 2-2 ਵਿਕਟਾਂ ਲਈਆਂ, ਜਦੋਂ ਕਿ ਅਜ਼ਮਤੁੱਲਾ ਉਮਰਜ਼ਈ ਅਤੇ ਸ਼ਸ਼ਾਂਕ ਸਿੰਘ ਨੇ ਇੱਕ-ਇੱਕ ਵਿਕਟ ਲਈ।























