Haryana : 25 ਮਈ ਤੋਂ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ
ਚੰਡੀਗੜ੍ਹ, 20 ਮਈ (ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਨੇ ਸੂਬੇ ਵਿੱਚ ਲਗਾਤਾਰ ਵਧ ਰਹੀ ਗਰਮੀ ਨੂੰ ਦੇਖਦਿਆਂ ਸਕੂਲਾਂ ਵਿੱਚ 25 ਮਈ ਤੋਂ ਗਰਮੀ ਦੀਆਂ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਹਰਿਆਣਾ ਵਿੱਚ ਲਗਾਤਾਰ ਵਧ ਰਹੇ ਤਾਪਮਾਨ ਦੇ ਮੱਦੇਨਜ਼ਰ, ਰਾਜ ਦੇ ਸਕੂਲ 25 ਮਈ ਤੋਂ ਬੰਦ ਰਹਿਣਗੇ। ਸਕੂਲਾਂ ਵਿੱਚ 25 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਹੋਣਗੀਆਂ।
ਪਹਿਲਾਂ, ਇਹ ਛੁੱਟੀਆਂ 1 ਜੂਨ ਤੋਂ ਸ਼ੁਰੂ ਹੋਣੀਆਂ ਸਨ। ਗਰਮੀਆਂ ਦੀਆਂ ਛੁੱਟੀਆਂ ਛੇ ਦਿਨ ਅੱਗੇ ਵਧਾਉਣ ਦਾ ਫੈਸਲਾ ਬੁੱਧਵਾਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਿੱਖਿਆ ਮੰਤਰੀ ਮਹੀਪਾਲ ਢਾਂਡਾ ਅਤੇ ਰਾਜ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੌਸਮ ਵਿਭਾਗ ਨੇ ਰਾਜ ਭਰ ਵਿੱਚ ਹੀਟਵੇਵ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਸੱਤ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ ਪਹਿਲਾਂ ਹੀ 45 ਡਿਗਰੀ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ। ਰੋਹਤਕ ਵਿੱਚ 46.9 ਡਿਗਰੀ ਸੈਲਸੀਅਸ ਦੇ ਨਾਲ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ।






















