BRICS ਸੰਮੇਲਨ ‘ਚ ਸ਼ਾਮਲ ਹੋਣਗੇ ਰੂਸੀ ਰਾਸ਼ਟਰਪਤੀ ਪੁਤਿਨ; ਸਤੰਬਰ ‘ਚ ਕਰਨਗੇ ਭਾਰਤ ਦੌਰਾ
ਨਵੀ ਦਿੱਲੀ, 19 ਮਈ 2026 (ਵਿਸ਼ਵ ਵਾਰਤਾ) – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸੇ ਸਾਲ ਸਤੰਬਰ ਵਿੱਚ ਭਾਰਤ ਆਉਣਗੇ। ਰੂਸੀ ਸਰਕਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਪੁਤਿਨ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਬ੍ਰਿਕਸ (BRICS) ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।ਕ੍ਰੇਮਲਿਨ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਪੁਤਿਨ ਦੋ ਦਿਨਾਂ ਲਈ ਭਾਰਤ ਦਾ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨੂੰ ਦਸੰਬਰ 2025 ਵਿੱਚ ਉਨ੍ਹਾਂ ਦੇ ਭਾਰਤ ਦੌਰੇ ਦੌਰਾਨ ਅਧਿਕਾਰਤ ਤੌਰ ‘ਤੇ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇੱਕ ਸਾਲ ਦੇ ਅੰਦਰ ਪੁਤਿਨ ਦਾ ਇਹ ਦੂਜਾ ਭਾਰਤ ਦੌਰਾ ਹੋਵੇਗਾ। ਇਸ ਤੋਂ ਪਹਿਲਾਂ ਪੁਤਿਨ ਦਸੰਬਰ 2025 ਵਿੱਚ ਭਾਰਤ ਆਏ ਸਨ। ਉਸ ਦੌਰਾਨ ਉਨ੍ਹਾਂ ਨੇ ਪੀਐਮ ਮੋਦੀ ਨਾਲ 23ਵੇਂ ਭਾਰਤ-ਰੂਸ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲਿਆ ਸੀ।
ਦੱਸ ਦਈਏ ਕਿ ਇਸ ਸਾਲ ਭਾਰਤ ਬ੍ਰਿਕਸ (BRICS) ਦੀ ਪ੍ਰਧਾਨਗੀ ਕਰ ਰਿਹਾ ਹੈ। ਬ੍ਰਿਕਸ ਦੁਨੀਆ ਦੀਆਂ ਵੱਡੀਆਂ ਉੱਭਰਦੀਆਂ ਅਰਥਵਿਵਸਥਾਵਾਂ ਦਾ ਸਮੂਹ ਹੈ, ਜਿਸ ਵਿੱਚ ਭਾਰਤ, ਰੂਸ, ਚੀਨ, ਬ੍ਰਾਜ਼ੀਲ, ਦੱਖਣੀ ਅਫਰੀਕਾ ਤੋਂ ਇਲਾਵਾ ਹੁਣ ਮਿਸਰ (ਇਜਿਪਟ), ਈਰਾਨ, ਇਥੋਪੀਆ, ਯੂ.ਏ.ਈ. ਅਤੇ ਇੰਡੋਨੇਸ਼ੀਆ ਵਰਗੇ ਨਵੇਂ ਮੈਂਬਰ ਵੀ ਸ਼ਾਮਲ ਹੋ ਚੁੱਕੇ ਹਨ। ਭਾਰਤ ਦੀ ਪ੍ਰਧਾਨਗੀ ਦੌਰਾਨ ਪੂਰੇ ਸਾਲ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਬੈਠਕਾਂ, ਮੰਤਰੀ ਪੱਧਰੀ ਸੰਮੇਲਨ ਅਤੇ ਕਾਰਜਕਾਰੀ ਸਮੂਹਾਂ ਦੀਆਂ ਚਰਚਾਵਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























