Australia ‘ਚ ਪੰਜਾਬੀ ਵਿਦਿਆਰਥਣ ਦੀ ਮੌਤ
– ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਲੁਧਿਆਣਾ, 19 ਮਈ 2026 (ਵਿਸ਼ਵ ਵਾਰਤਾ): ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ 19 ਸਾਲਾ ਵਿਦਿਆਰਥਣ ਕੋਮਲਪ੍ਰੀਤ ਕੌਰ ਦੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।
ਕੋਮਲਪ੍ਰੀਤ ਉੱਥੇ ਨਰਸਿੰਗ ਦੀ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ 19 ਸਾਲਾ ਕੋਮਲਪ੍ਰੀਤ ਕੌਰ ਸ਼ਨੀਵਾਰ ਦੇਰ ਰਾਤ ਆਪਣੀ ਨਾਈਟ ਡਿਊਟੀ ਖ਼ਤਮ ਕਰਕੇ ਪੈਦਲ ਆਪਣੇ ਘਰ ਪਰਤ ਰਹੀ ਸੀ। ਇਸੇ ਦੌਰਾਨ ਕੈਨਿੰਗਵੇਲ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕੋਮਲਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ ਕੁੜੀ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਨੂੰ ਐਂਬੂਲੈਂਸ ਰਾਹੀਂ ਰੌਇਲ ਪਰਥ ਹਸਪਤਾਲ ਵੀ ਲੈ ਜਾਇਆ ਗਿਆ, ਜਿੱਥੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ।ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਉਸਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।
ਮ੍ਰਿਤਕ ਕੋਮਲਪ੍ਰੀਤ ਕੌਰ, ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ/ਹਲਵਾਰਾ ਨੇੜੇ ਕਲਸੀਆਂ ਪਿੰਡ ਦੀ ਵਸਨੀਕ ਸੀ। ਉਸਦੇ ਪਿਤਾ, ਅਮਰੀਕ ਸਿੰਘ, ਭਾਰਤੀ ਫੌਜ ਤੋਂ ਸੇਵਾਮੁਕਤ ਸੂਬੇਦਾਰ ਹਨ। ਧੀ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।























