ਪਟਿਆਲਾ, 29 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ ਜੋ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜ ਰਹੇ ਹਨ, ਨੇ ਇਕ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਚੱਲ ਰਹੀ ਹੈ ਅਤੇ ਕਾਂਗਰਸ ਪੰਜਾਬ ਦੀਆਂ ਸਾਰੀਆਂ ਤੇਰ੍ਹਾਂ ਸੀਟਾਂ ਭਾਰੀ ਬਹੁਮੱਤ ਨਾਲ ਜਿੱਤ ਕੇ ਕਾਂਗਰਸ ਹਾਈ ਕਮਾਡ ਦੀ ਝੋਲੀ ਵਿੱਚ ਪਾਵੇਗੀ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਕਾਰਨ ਪੰਜਾਬ ਦੇ ਲੋਕਾਂ ਦਾ ਕਾਂਗਰਸ ਵਿੱਚ ਵਿਸ਼ਵਾਸ਼ ਵਧਿਆ ਹੈ ਅਤੇ ਪੰਜਾਬ ਵਾਸੀਆਂ ਨੇ ਹੋਰ ਪਾਰਟੀਆਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ। ਕੈਪਟਨ ਸਰਕਾਰ ਨੇ ਕੀਤੇ ਵਾਧਿਆ ਮੁਤਾਬਕ ਪੰਜਾਬ ਦੀ ਕਿਸਾਨੀ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜੇ ਮੁਆਫ ਕਰ ਦਿੱਤੇ ਹਨ। ਪੰਜਾਬ ਵਿੱਚ ਅਕਾਲੀ ਸਰਕਾਰ ਦੇ 10 ਸਾਲਾਂ ਦੌਰਾਨ ਜੋ ਇੰਡਸਟਰੀ ਬੰਦ ਹੋ ਗਈ ਸੀ ਹੁਣ ਮੁੜ ਸਥਾਪਤ ਹੋ ਰਹੀ ਹੈ ਅਤੇ ਪੰਜਾਬ ਸਰਕਾਰ ਨੇ ਉਹਨਾ ਦੇ ਬਿਜਲੀ ਦੇ ਬਿਲ ਘਟਾ ਕੇ 5 ਰੁਪਏ ਪ੍ਰਤੀ ਯੂਨਿਟ ਕਰ ਦਿੱਤੇ ਹਨ। ਪ੍ਰਨੀਤ ਕੌਰ ਨੇ ਪਟਿਆਲਾ ਲੋਕ ਸਭਾ ਹਲਕੇ ਦਾ ਜਿਕਰ ਕਰਦਿਆਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਸਰਕਾਰ ਨੇ ਪਟਿਆਲਾ ਦੇ ਵਿਕਾਸ ਵੱਲ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਪਟਿਆਲਾ ਲਈ ਕੋਈ ਫੰਡ ਜਾਰੀ ਕੀਤੇ ਗਏ। ਕਾਂਗਰਸ ਦੀ ਸਰਕਾਰ ਬਣਨ ਤੇ ਪਟਿਆਲਾ ਵਿੱਚ ਵਿਕਾਸ ਦੇ ਕੰਮਾਂ ਵਿੱਚ ਤੇਜੀ ਆਈ ਹੈ ਅਤੇ ਪਟਿਆਲਾ ਵਾਸੀਆਂ ਨੂੰ ਮੁਸ਼ਿਕਲਾਂ ਨੂੰ ਦੇਖਦੇ ਹੋਏ ਪਟਿਆਲਾ ਵਿਚੋਂ ਡੇਅਰੀਆਂ ਬਾਹਰ ਕੱਢਣ ਦਾ ਕੰਮ ਲਗਭਗ ਮੁਕੰਮਲ ਹੋਗਿਆ ਹੈ। ਪਟਿਆਲਾ ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਭਾਖੜਾ ਤੋਂ ਸਿੱਧਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਾਣ ਲਈ 750 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰਾਂ ਘਨੋਰ, ਰਾਜਪੁਰਾ, ਸਨੋਰ ਅਤੇ ਹੋਰ ਇਲਾਕਿਆਂ ਲਈ ਵੀ ਅਜਿਹੀ ਸਕੀਮ ਤਿਆਰ ਕੀਤੀ ਗਈ ਹੈ। ਪਟਿਆਲਾ ਵਿੱਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਵੀ ਸਰਕਾਰ ਯਤਨਸ਼ੀਲ ਹੈ।
ਫੋਟੋ ਕੈਪਸ਼ਨ- ਪਟਿਆਲਾ ਤੋਂ ਕਾਂਗਰਸ ਆਈ ਦੀ ਲੋਕਸਭਾ ਉਮੀਦਵਾਰ ਪ੍ਰਨੀਤ ਕੌਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਦੌਰਾਨ