ਮੋਡੀਫਾਈਡ ਵਾਹਨਾਂ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ
ਤਰਨ ਤਾਰਨ, 16 ਮਈ (ਵਿਸ਼ਵ ਵਾਰਤਾ): ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਰਾਹੁਲ ਨੇ ਜਨਤਕ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਕਿਸੇ ਵਹੀਕਲ ਦੇ ਮੂਲ ਰੂਪ ਵਿਚ ਤਬਦੀਲੀ, ਸੋਧ, ਨਿਰਮਾਣ ਕਰਨ ਅਤੇ ਅਜਿਹੇ ਗੈਰ-ਵਰਗੀਕ੍ਰਿਤ ਅਤੇ ਗੈਰ-ਕਾਨੂੰਨੀ ਤੌਰ ‘ਤੇ ਸੋਧੇ ਵਾਹਨ (ਮੋਡੀਫਾਈਡ ਵਾਹਨ) ਨੂੰ ਤਰਨ ਤਾਰਨ ਦੀਆਂ ਸੜਕਾਂ/ਜਨਤਕ ਥਾਵਾਂ ‘ਤੇ ਚਲਾਉਣ ਦੀ ਮੁਕੰਮਲ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੈਕਟਰੀ, ਟਰਾਂਸਪੋਰਟ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਪੱਤਰ ਅਨੁਸਾਰ ਰਾਜ ਵਿੱਚ ਗੈਰ-ਵਰਗੀਕ੍ਰਿਤ ਅਤੇ ਗੈਰ-ਕਾਨੂੰਨੀ ਤੌਰ ‘ਤੇ ਸੋਧੇ ਹੋਏ ਵਾਹਨ, ਜਿਵੇਂ ਕਿ ਜੁਗਾੜੂ ਰੇਹੜੀਆਂ/ਪੀਟਰ ਰੇਹੜੀਆਂ ਆਦਿ, ਜਨਤਕ ਸੜਕਾਂ ਉੱਤੇ ਚੱਲ ਰਹੇ ਹਨ, ਜੋ ਮੋਟਰ ਵਾਹਨ ਐਕਟ, 1988 ਅਤੇ ਸੜਕ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਹੈ। ਇਸ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਜਿਹੇ ਵਾਹਨਾਂ ਨੂੰ ਸੜਕਾਂ/ਜਨਤਕ ਥਾਵਾਂ ‘ਤੇ ਚਲਾਉਣ ਦੀ ਮਨਾਹੀ ਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸੇ ਤਰ੍ਹਾਂ ਸੀਨੀਅਰ ਪੁਲਿਸ ਕਪਤਾਨ, ਤਰਨ ਤਾਰਨ ਵੱਲੋਂ ਵੀ ਪੱਤਰ ਪ੍ਰਾਪਤ ਹੋਇਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਕੁਝ ਥਾਵਾਂ ‘ਤੇ ਗੈਰਕਾਨੂੰਨੀ ਤਰੀਕੇ ਨਾਲ ਮੋਡੀਫਾਈ ਕੀਤੇ ਗਏ ਵਾਹਨਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ, ਜਿਸ ਨਾਲ ਜਨਤਕ ਸੁਰੱਖਿਆ, ਟ੍ਰੈਫਿਕ ਸਮੱਸਿਆ ਸਮੇਤ ਰੋਡ ਐਕਸੀਡੈਂਟ ਵੱਧ ਗਏ ਹਨ। ਇਸ ਲਈ ਉਨ੍ਹਾਂ ਵੱਲੋਂ ਅਜਿਹੇ ਵਹੀਕਲਾਂ ਨੂੰ ਮੋਡੀਫਾਈਡ/ਨਿਰਮਾਣ ਕਰਨ ‘ਤੇ ਰੋਕ ਲਗਾਉਣ ਲਈ ਬੇਨਤੀ ਕੀਤੀ ਗਈ ਹੈ। ਇਹ ਹੁਕਮ ਮਿਤੀ ਮਿਤੀ 14-07-2026 ਤੱਕ ਲਾਗੂ ਰਹਿਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























