ਸੁਪਰੀਮ ਕੋਰਟ ਵਿੱਚ ਵਰਚੁਅਲ ਸੁਣਵਾਈ ਅਤੇ Work From Home ਲਾਗੂ
ਨਵੀ ਦਿੱਲੀ, 15 ਮਈ (ਵਿਸ਼ਵ ਵਾਰਤਾ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਪੂਰਾ ਦੇਸ਼ ਫਿਊਲ ਬਚਾਉਣ ‘ਤੇ ਜ਼ੋਰ ਦੇ ਰਿਹਾ ਹੈ। ਇਸੇ ਕੜੀ ਵਿੱਚ ਹੁਣ ਸੁਪਰੀਮ ਕੋਰਟ ਵੀ ਅੱਗੇ ਆਇਆ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਸ ਅਪੀਲ ਨੂੰ ਸਵੀਕਾਰ ਕਰਦੇ ਹੋਏ ਆਪਣੀ ਕੰਮਕਾਜੀ ਪ੍ਰਕਿਰਿਆ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ।
ਜੀ ਹਾਂ, ਦੇਸ਼ ਦੀ ਸਰਵਉੱਚ ਅਦਾਲਤ (ਸੁਪਰੀਮ ਕੋਰਟ) ਨੇ ਆਪਣੀ ਕਾਰਜਪ੍ਰਣਾਲੀ ਵਿੱਚ ਵੱਡਾ ਬਦਲਾਅ ਕਰਦਿਆਂ ਆਧੁਨਿਕ ਅਤੇ ਵਾਤਾਵਰਣ ਪੱਖੀ ਪ੍ਰਣਾਲੀ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਅਦਾਲਤ ਨੇ ਫੈਸਲਾ ਲਿਆ ਹੈ ਕਿ ਹੁਣ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਮਾਮਲਿਆਂ ਦੀ ਸੁਣਵਾਈ ਸਿਰਫ਼ ਵੀਡੀਓ ਕਾਨਫਰੰਸਿੰਗ ਰਾਹੀਂ ਹੀ ਕੀਤੀ ਜਾਵੇਗੀ।
ਇਹਨਾਂ ਦੋ ਦਿਨਾਂ ਵਿੱਚ ਕੋਈ ਵੀ ਫਿਜ਼ੀਕਲ (ਅਦਾਲਤ ਵਿੱਚ ਹਾਜ਼ਰ ਹੋ ਕੇ) ਸੁਣਵਾਈ ਨਹੀਂ ਹੋਵੇਗੀ। ਅਦਾਲਤ ਨੇ ਰਜਿਸਟਰੀ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਵੀਡੀਓ ਕਾਨਫਰੰਸਿੰਗ ਦੇ ਲਿੰਕ ਸਮੇਂ ਸਿਰ ਭੇਜੇ ਜਾਣ ਅਤੇ ਤਕਨੀਕੀ ਸਹਾਇਤਾ ਹਰ ਵੇਲੇ ਉਪਲਬਧ ਰਹੇ, ਤਾਂ ਜੋ ਅਦਾਲਤ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ। ਸੁਪਰੀਮ ਕੋਰਟ ਦੇ ਸੈਕਟਰੀ ਜਨਰਲ ਭਾਰਤ ਪਰਾਸ਼ਰ ਨੇ ਇਸ ਸਬੰਧੀ ਸਰਕੂਲਰ ਜਾਰੀ ਕੀਤਾ ਹੈ।
ਦੂਜੇ ਪਾਸੇ, ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਅਦਾਲਤ ਹਾਈਬ੍ਰਿਡ ਮੋਡ ਵਿੱਚ ਕੰਮ ਕਰੇਗੀ। ਯਾਨੀ ਇਹਨਾਂ ਤਿੰਨਾਂ ਦਿਨਾਂ ਵਿੱਚ ਵਕੀਲਾਂ ਅਤੇ ਕੇਸ ਨਾਲ ਜੁੜੇ ਲੋਕਾਂ ਕੋਲ ਆਪਣੀ ਸਹੂਲਤ ਅਨੁਸਾਰ ਅਦਾਲਤ ਵਿੱਚ ਆ ਕੇ ਜਾਂ ਫਿਰ ਆਨਲਾਈਨ ਤਰੀਕੇ ਨਾਲ ਜੁੜਨ ਦਾ ਵਿਕਲਪ ਮੌਜੂਦ ਰਹੇਗਾ।
ਸੁਪਰੀਮ ਕੋਰਟ ਦੇ ਰਜਿਸਟਰੀ ਵਿਭਾਗ ਨਾਲ ਜੁੜੇ ਕਰਮਚਾਰੀਆਂ ਲਈ ਵੀ ਨਵੀਂ ਵਿਵਸਥਾ ਲਾਗੂ ਕੀਤੀ ਗਈ ਹੈ। ਹੁਕਮਾਂ ਅਨੁਸਾਰ, ਹਰੇਕ ਸ਼ਾਖਾ ਅਤੇ ਸੈਕਸ਼ਨ ਵਿੱਚ 50 ਫੀਸਦੀ ਕਰਮਚਾਰੀ ਹਫ਼ਤੇ ਵਿੱਚ ਦੋ ਦਿਨ ‘ਵਰਕ ਫ੍ਰੌਮ ਹੋਮ’ ਕਰ ਸਕਣਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























