ਖਰਬੂਜ਼ੇ ਦੀ ਫਸਲ ਵਿੱਚ ਮੌਸਮੀ ਤਬਦੀਲੀ ਕਾਰਨ ਆ ਰਹੀਆਂ ਸਮੱਸਿਆਵਾਂ ਸਬੰਧੀ ਕਿਸਾਨਾਂ ਨੂੰ ਕੀਤਾ ਜਾਗਰੂਕ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਈ (ਸਤੀਸ਼ ਕੁਮਾਰ ਪੱਪੀ);- ਇਲਾਕੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਣੇ ਨਮੀ ਵਾਲੇ ਅਤੇ ਬੱਦਲਵਾਈ ਭਰੇ ਮੌਸਮ ਕਾਰਨ ਖਰਬੂਜ਼ੇ ਸਮੇਤ ਕੱਦੂਜਾਤੀ ਵਰਗੀਆਂ ਫਸਲਾਂ ਵਿੱਚ ਉੱਲੀ ਰੋਗ ਅਤੇ ਝੂਲਸ ਰੋਗ ਦੀ ਸਮੱਸਿਆ ਵਧ ਰਹੀ ਹੈ। ਇਸ ਸਬੰਧੀ ਬਾਗਬਾਨੀ ਵਿਕਾਸ ਅਫਸਰ ਖਰੜ, ਕੋਮਲਪ੍ਰੀਤ ਸਿੰਘ ਵੱਲੋਂ ਖਰਬੂਜ਼ਾ ਕਾਸ਼ਤਕਾਰਾਂ ਦੇ ਖੇਤਾਂ ਦਾ ਦੌਰਾ ਕਰਕੇ ਫਸਲ ਦੀ ਜਾਂਚ ਕੀਤੀ ਗਈ।
ਦੌਰੇ ਦੌਰਾਨ ਕਿਸਾਨਾਂ ਨੂੰ ਉੱਲੀ ਰੋਗ ਦੇ ਲੱਛਣਾਂ, ਰੋਕਥਾਮ ਅਤੇ ਸਮੇਂ ਸਿਰ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮੌਜੂਦਾ ਮੌਸਮ ਇਹਨਾਂ ਰੋਗਾਂ ਦੇ ਫੈਲਾਅ ਲਈ ਅਨੁਕੂਲ ਹੈ, ਜਿਸ ਕਾਰਨ ਬਿਮਾਰੀ ਤੇਜ਼ੀ ਨਾਲ ਫੈਲ ਸਕਦੀ ਹੈ।
ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਖੇਤਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇ ਅਤੇ ਸਿਫਾਰਸ਼ੀ ਦਵਾਈਆਂ ਦੀ ਵਰਤੋਂ ਕਰਕੇ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾਵੇ। ਨਾਲ ਹੀ ਕਿਸਾਨਾਂ ਨੂੰ ਵਧੇਰੇ ਨਮੀ ਤੋਂ ਬਚਾਅ ਅਤੇ ਸਹੀ ਸਿੰਚਾਈ ਪ੍ਰਬੰਧ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ।























