NEET (UG) 2026 ਪ੍ਰੀਖਿਆ ਰੱਦ: NTA ਦਾ ਵੱਡਾ ਫੈਸਲਾ
– CBI ਨੂੰ ਸੌਂਪੀ ਜਾਂਚ
– ਜਲਦ ਐਲਾਨੀ ਜਾਵੇਗੀ ਨਵੀਂ ਤਰੀਕ
ਨਵੀ ਦਿੱਲੀ, 12 ਮਈ 2026(ਵਿਸ਼ਵ ਵਾਰਤਾ): ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਪੇਪਰ ਲੀਕ ਦੇ ਇਲਜ਼ਾਮਾਂ ਦੇ ਚੱਲਦਿਆਂ ਮੰਗਲਵਾਰ ਨੂੰ NEET (UG) 2026 ਦੀ ਪ੍ਰੀਖਿਆ ਰੱਦ ਕਰ ਦਿੱਤੀ । ਇਹ ਪ੍ਰੀਖਿਆ 3 ਮਈ ਨੂੰ ਹੋਈ ਸੀ, ਜਿਸ ਵਿੱਚ 22.79 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ। NTA ਦੇ ਡੀਜੀ ਅਭਿਸ਼ੇਕ ਸਿੰਘ ਨੇ ਕਿਹਾ ਕਿ ਇਹ ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ ਅਤੇ ਅਗਲੇ 6-8 ਦਿਨਾਂ ਵਿੱਚ ਨਵੀਂ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ।
ਦੂਜੇ ਪਾਸੇ, ਕੇਂਦਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ ਅਤੇ ਏਜੰਸੀ ਨੇ ਇਸ ਸਬੰਧੀ ਐਫ.ਆਈ.ਆਰ. (FIR) ਵੀ ਦਰਜ ਕਰ ਲਈ ਹੈ। NTA ਨੇ ਦੱਸਿਆ ਕਿ ਭਾਰਤ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।
NTA ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਈ 2026 ਦੇ ਸੈਸ਼ਨ ਲਈ ਕੀਤੀ ਗਈ ਰਜਿਸਟ੍ਰੇਸ਼ਨ, ਉਮੀਦਵਾਰਾਂ ਦਾ ਡੇਟਾ ਅਤੇ ਚੁਣੇ ਗਏ ਪ੍ਰੀਖਿਆ ਕੇਂਦਰ ਦੁਬਾਰਾ ਹੋਣ ਵਾਲੀ ਪ੍ਰੀਖਿਆ ਲਈ ਮਾਨਤਾ ਪ੍ਰਾਪਤ ਰਹਿਣਗੇ। ਵਿਦਿਆਰਥੀਆਂ ਨੂੰ ਨਵੀਂ ਰਜਿਸਟ੍ਰੇਸ਼ਨ ਨਹੀਂ ਕਰਵਾਉਣੀ ਪਵੇਗੀ ਅਤੇ ਕੋਈ ਵਾਧੂ ਪ੍ਰੀਖਿਆ ਫੀਸ ਵੀ ਨਹੀਂ ਲਈ ਜਾਵੇਗੀ। ਪਹਿਲਾਂ ਤੋਂ ਜਮ੍ਹਾਂ ਕਰਵਾਈ ਗਈ ਪ੍ਰੀਖਿਆ ਫੀਸ ਵਾਪਸ ਕੀਤੀ ਜਾਵੇਗੀ।ਇਸ ਦੇ ਨਾਲ ਹੀ ਉਮੀਦਵਾਰਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੇਵਲ NTA ਦੇ ਅਧਿਕਾਰਤ ਚੈਨਲਾਂ ‘ਤੇ ਜਾਰੀ ਜਾਣਕਾਰੀ ‘ਤੇ ਹੀ ਭਰੋਸਾ ਕਰਨ ਅਤੇ ਅਫਵਾਹਾਂ ਤੋਂ ਬਚਣ।
ਰਾਜਸਥਾਨ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਦੇ ਅਨੁਸਾਰ, ਇਹ ਇੱਕ ਹੱਥ ਲਿਖਤ ਦਸਤਾਵੇਜ਼ ਸੀ ਜਿਸ ਵਿੱਚ ਲਗਭਗ 410 ਸਵਾਲ ਸਨ। ਜਿਸ ਵਿੱਚ ਨੀਟ (NEET) ਪ੍ਰੀਖਿਆ ਦੇ ਲਗਭਗ ਸਾਰੇ ਸਵਾਲ ਮੌਜੂਦ ਸਨ, ਅਤੇ ਇੱਥੋਂ ਹੀ ਪੇਪਰ ਲੀਕ ਹੋਣ ਦਾ ਸ਼ੱਕ ਪੈਦਾ ਹੋਇਆ। ਇਹ ਗੈੱਸ ਪੇਪਰ ਜੈਪੁਰ ਦੀ ਇੱਕ ਪ੍ਰੈੱਸ ਤੋਂ ਛਪਿਆ ਸੀ, ਜਿਸ ਕਾਰਨ ਰਾਜਸਥਾਨ SOG ਸਰਗਰਮ ਹੋ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਨੀਟ ਪੇਪਰ ਲੀਕ ਮਾਮਲੇ ਵਿੱਚ ਦੋ ਅਹਿਮ ਨਾਂ ਸਾਹਮਣੇ ਆਏ ਹਨ। ਮਨੀਸ਼ ਯਾਦਵ ਨੂੰ ਕਥਿਤ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ, ਜਦਕਿ ਰਾਕੇਸ਼ ਮੰਡਾਵਰੀਆ ‘ਤੇ ਪੇਪਰ ਵੰਡਣ ਦੇ ਦੋਸ਼ ਹਨ। ਰਾਜਸਥਾਨ SOG ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਯਾਦਵ ਨੂੰ ਜੈਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























