Punjab: ਕੇਂਦਰੀ ਜੇਲ੍ਹ ‘ਚ ਹਵਾਲਾਤੀਆਂ ਦੇ ਭਿੜੇ ਦੋ ਗੁੱਟ, ਚਾਰ ਜ਼ਖਮੀ
– ਇੱਕ ਨੂੰ ਕਰਵਾਇਆ ਗਿਆ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ‘ਚ ਦਾਖਲ
ਗੁਰਦਾਸਪੁਰ, 12 ਮਈ 2026 – (ਹਰਜਿੰਦਰ ਸਿੰਘ ਸੇਖਾ) : ਕੇਂਦਰੀ ਜੇਲ੍ਹ ਗੁਰਦਾਸਪੁਰ ‘ਚ ਇੱਕ ਵਾਰ ਫਿਰ ਤੋਂ ਹਵਾਲਾਤੀਆਂ ਦੇ ਦੋ ਗੁੱਟਾਂ ਦੇ ਭਿੜਨ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ ਅਤੇ ਨਾ ਹੀ ਜੇਲ੍ਹ ਅਧਿਕਾਰੀ ਇਸ ਬਾਰੇ ਕੁਝ ਬੋਲਣ ਲਈ ਤਿਆਰ ਹਨ। ਪਰ ਭਰੋਸੇਯੋਗ ਸੂਤਰਾਂ ਤੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇਸ ਝੜਪ ਵਿੱਚ ਚਾਰ ਹਵਾਲਾਤੀ ਜਖਮੀ ਹੋਏ ਹਨ ਜਿਨਾਂ ਵਿੱਚੋਂ ਤਿੰਨ ਮਾਮੂਲੀ ਜਖਮੀ ਹੋਣ ਕਾਰਨ ਜੇਲ੍ਹ ਵਿੱਚ ਸਥਿਤ ਹਸਪਤਾਲ ਵਿੱਚ ਹੀ ਦਾਖਲ ਹਨ, ਜਦਕਿ ਇੱਕ ਕਮਾਲ ਪੱਟੀ ਨਾਮ ਦੇ ਹਵਾਲਾਤੀ ਨੂੰ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਹੈ। ਜਿਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ ਅਤੇ ਉਸ ਦੇ ਚਾਰ ਟਾਂਕੇ ਲਗਾਏ ਗਏ ਹਨ। ਇਸ ਤੋਂ ਇਲਾਵਾ ਉਸ ਦੀ ਲੱਤ ਤੇ ਵੀ ਗੁੱਝੀਆ ਸੱਟਾਂ ਲੱਗੀਆਂ ਹਨ। ਸਰਕਾਰੀ ਹਸਪਤਾਲ ਦੇ ਡਾਕਟਰ ਗੌਰਵ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਹਵਾਲਾਤੀਆਂ ਦੇ ਦੋਵੇਂ ਗੁੱਟ ਬਟਾਲਾ ਨਾਲ ਸੰਬੰਧਿਤ ਹਨ ਅਤੇ ਕਿਸੇ ਗੱਲ ਨੂੰ ਲੈ ਕੇ ਦੇਰ ਸ਼ਾਮ ਉਹਨਾਂ ਦੀ ਆਪਸ ਵਿੱਚ ਝੜਪ ਹੋ ਗਈ ਜੋ ਖੂਨੀ ਤਕਰਾਰ ਵਿੱਚ ਬਦਲ ਗਈ। ਇਸ ਤੋਂ ਪਹਿਲਾਂ ਵੀ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਤੇ ਹਵਾਲਾਤੀਆਂ ਦੀ ਆਪਸ ਵਿੱਚ ਕਈ ਲੜਾਈਆਂ ਹੋ ਚੁੱਕੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















