PM ਮੋਦੀ ਨੇ ਵਿਸ਼ਵਵਿਆਪੀ ਸੰਕਟ ਦਰਮਿਆਨ ਦੇਸ਼ਵਾਸੀਆਂ ਨੂੰ ਕੀਤੀ ਅਹਿਮ ਅਪੀਲ
– ਸੋਨੇ ਦੀ ਖਰੀਦਦਾਰੀ ਅਤੇ ਪੈਟਰੋਲ – ਡੀਜ਼ਲ ਦੀ ਵਰਤੋਂ ਨੂੰ ਲੈ ਕੇ ਪੜ੍ਹੋ ਕੀ ਕਿਹਾ
ਨਵੀ ਦਿੱਲੀ, 10 ਮਈ 2026 (ਵਿਸ਼ਵ ਵਾਰਤਾ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਲੋਕਾਂ ਨੂੰ ਅਜੇ ਇਕ ਅਹਿਮ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪੈਟਰੋਲ, ਗੈਸ ਅਤੇ ਡੀਜ਼ਲ ਦੀ ਵਰਤੋਂ ਘਟਾਉਣੀ ਹੋਵੇਗੀ। ਜੰਗ ਦੇ ਪ੍ਰਭਾਵ ਕਾਰਨ ਦੁਨੀਆ ਭਰ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ। ਇਸ ਤੋਂ ਇਲਾਵਾ ਸੋਨੇ ਦੇ ਆਯਾਤ ਉੱਤੇ ਵੱਡੀ ਮਾਤਰਾ ਵਿੱਚ ਵਿਦੇਸ਼ੀ ਮੁਦਰਾ ਖ਼ਰਚ ਹੁੰਦੀ ਹੈ। ਦੇਸ਼ ਦੇ ਹਿੱਤ ਨੂੰ ਮੁੱਖ ਰੱਖਦੇ ਹੋਏ, ਲੋਕਾਂ ਨੂੰ ਇੱਕ ਸਾਲ ਤੱਕ ਸੋਨਾ ਖ਼ਰੀਦਣ ਤੋਂ ਬਚਣਾ ਚਾਹੀਦਾ ਹੈ।
ਪੀਐਮ ਨੇ ਹੈਦਰਾਬਾਦ ਵਿੱਚ ਭਾਜਪਾ ਦੀ ਰੈਲੀ ਵਿੱਚ ਕਿਹਾ “ਭਾਰਤ ਉੱਤੇ ਇਸ ਵਿਸ਼ਵਵਿਆਪੀ ਸੰਕਟ ਦਾ ਪ੍ਰਭਾਵ ਜ਼ਿਆਦਾ ਹੈ, ਕਿਉਂਕਿ ਸਾਡੇ ਕੋਲ ਤੇਲ ਦੇ ਵੱਡੇ ਖੂਹ ਨਹੀਂ ਹਨ। ਅੱਜ ਸਾਨੂੰ ‘ਵਰਕ ਫਰੌਮ ਹੋਮ’ ਵਰਗੇ ਉਪਾਵਾਂ ਦੀ ਲੋੜ ਹੈ। ਜਿਨ੍ਹਾਂ ਸ਼ਹਿਰਾਂ ਵਿੱਚ ਮੈਟਰੋ ਹੈ, ਉੱਥੇ ਲੋਕ ਮੈਟਰੋ ਦੀ ਵਰਤੋਂ ਕਰਨ।ਉਨ੍ਹਾਂ ਕਿਹਾ ਕਿ ਪਹਿਲਾਂ ਜਦੋਂ ਜੰਗ ਹੁੰਦੀ ਸੀ ਤਾਂ ਲੋਕ ਸੋਨਾ ਦਾਨ ਕਰ ਦਿੰਦੇ ਸਨ। ਅੱਜ ਦਾਨ ਦੀ ਲੋੜ ਨਹੀਂ ਹੈ, ਪਰ ਸਾਨੂੰ ਅੱਜ ਇਹ ਸੰਕਲਪ ਲੈਣਾ ਹੋਵੇਗਾ ਕਿ ਅਗਲੇ 1 ਸਾਲ ਤੱਕ ਕੋਈ ਵੀ ਪ੍ਰੋਗਰਾਮ ਹੋਵੇ, ਅਸੀਂ ਸੋਨਾ ਨਹੀਂ ਖਰੀਦਾਂਗੇ। ਇਸ ਨਾਲ ਵਿਦੇਸ਼ੀ ਮੁਦਰਾ ਦੀ ਵੀ ਬਚਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਗਲੋਬਲ ਆਰਥਿਕ ਰੁਕਾਵਟਾਂ, ਸਪਲਾਈ ਚੇਨ ਦੀਆਂ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਝਗੜਿਆਂ ਕਾਰਨ ਵਧ ਰਹੀਆਂ ਕੀਮਤਾਂ ਦਾ ਸਾਹਮਣਾ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਦੇਸ਼ ਭਗਤੀ ਦਾ ਮਤਲਬ ਸਿਰਫ਼ ਦੇਸ਼ ਲਈ ਆਪਣੀ ਜਾਨ ਦੇਣਾ ਹੀ ਨਹੀਂ ਹੈ, ਸਗੋਂ ਮੁਸ਼ਕਲ ਸਮੇਂ ਵਿੱਚ ਜ਼ਿੰਮੇਵਾਰੀ ਨਾਲ ਜਿਊਣਾ ਅਤੇ ਦੇਸ਼ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਵੀ ਹੈ।























