ਐਮ.ਪੀ. ਲੈਡ ਫੰਡ ਵਰਤਣ ਦੇ ਮਾਮਲੇ ‘ਚ 2009 ਤੋਂ 2014 ਤੱਕ ਭਾਰਤ ਦੇ ‘ਟਾਪ ਟੈਨ’ ਐਮ.ਪੀਜ ਵਿੱਚ ਰਹੀ
ਪਟਿਆਲਾ-25 ਅਪਰੈਲ (ਵਿਸ਼ਵ ਵਾਰਤਾ) – ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਕਿਹਾ ਕਿ ਉਹ ਆਪਣੇ ਲੋਕ ਸਭਾ ਮੈਂਬਰ ਦੇ ਕਾਰਜਕਾਲ ਦੌਰਾਨ 2009 ਤੋਂ 2014 ਤੱਕ ਐਮ.ਪੀ ਲੈਡ ਫੰਡਜ ਵਰਤਣ ਦੇ ਮਾਮਲੇ ਵਿੱਚ ਦੇਸ਼ ਦੇ ‘ਟਾਪ ਟੈਨ’ ਐਮ.ਪੀਜ ਵਿੱਚ ਰਹੀ ਹੈ ਪ੍ਰੰਤੂ ਉਨ੍ਹਾਂ ਨੇ ਕਦੇ ਆਪਣੇ ਕੀਤੇ ਕੰਮਾਂ ਦਾ ਸਿਆਸੀ ਲਾਹਾ ਨਹੀਂ ਲਿਆ।
ਅੱਜ ਆਪਣੇ ਚੋਣ ਪ੍ਰਚਾਰ ‘ਚ ਤੇਜੀ ਲਿਆਉਂਦਿਆਂ ਪਰਨੀਤ ਕੌਰ ਨੇ ਬਨੂੜ ਅਤੇ ਰਾਜਪੁਰਾ ‘ਚ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਪੂਰੇ ਦੇਸ਼ ‘ਚ ਬਦਲਾਓ ਦੀ ਹਵਾ ਚੱਲ ਰਹੀ ਹੈ ਕਿਉਂਕਿ ਦੇਸ਼ ਦੇ ਲੋਕ ਮੋਦੀ ਸਰਕਾਰ ਤੋਂ ਅੱਕ ਚੁੱਕੇ ਹਨ, ਜਿਸ ਲਈ ਅਗਲੀ ਸਰਕਾਰ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਹੇਠ ਬਨਣੀ ਤੈਅ ਹੈ।
ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਛੋਟੀਆਂ-ਛੋਟੀਆਂ ਗੱਲਾਂ ਨੂੰ ਵੱਡਾ ਬਣਾ ਕੇ ਆਪਣੀ ਬਤੌਰ ਐਮ.ਪੀ. ਕੀਤੀ ਜਰੂਰੀ ਡਿਊਟੀ ਨੂੰ ਵੀ ਵਧਾ ਚੜ੍ਹਾ ਕੇ ਪੇਸ਼ ਕਰਕੇ ਹਰ ਵੇਲੇ ਸਿਆਸੀ ਲਾਹਾ ਲੈਣ ਦੀ ਤਾਕ ‘ਚ ਰਹਿੰਦੇ ਹਨ ਪਰੰਤੂ ਉਨ੍ਹਾਂ ਨੇ ਅਜਿਹਾ ਕਦੇ ਨਹੀਂ ਕੀਤਾ ਜਦਕਿ ਉਨ੍ਹਾਂ ਇੱਕ ਐਮ.ਪੀ. ਵਜੋਂ ਹਲਕੇ ਵਿੱਚ ਅਨੇਕਾਂ ਕੰਮ ਕਰਵਾਏ ਪਰ ਇਨ੍ਹਾਂ ਦਾ ਸਿਆਸੀ ਲਾਹਾ ਲੈਣ ਦੀ ਕੋਈ ਕੋਸ਼ਿਸ ਨਹੀਂ ਕੀਤੀ।
ਪਰਨੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਬਤੌਰ ਲੋਕ ਸਭਾ ਮੈਂਬਰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਤੇ ਤਨਦੇਹੀ ਨਾਲ ਨਿਭਾਈ ਜਿਸ ਬਾਰੇ ਪਟਿਆਲਾ ਲੋਕ ਸਭਾ ਹਲਕੇ ਦੇ ਹਰ ਵੋਟਰ ਭਲੀ ਭਾਂਤ ਜਾਣੂ ਹੈ ਅਤੇ ਇਸ ਲਈ ਉਨ੍ਹਾਂ ਨੂੰ ਵਿਰੋਧੀਆਂ ਦੇ ਸਰਟੀਫਿਕੇਟ ਲੈਣ ਦੀ ਵੀ ਕੋਈ ਲੋੜ ਨਹੀਂ ਹੈ। ਪਰਨੀਤ ਕੌਰ ਨੇ ਦੱਸਿਆ ਕਿ ਉਹ ਇੱਕ ਸਰਵੇ ਮੁਤਾਬਕ ਦੇਸ਼ ਦੇ ਪਹਿਲੇ 10 ਲੋਕ ਸਭਾ ਮੈਂਬਰਾਂ ਵਿੱਚ ਸ਼ੁਮਾਰ ਸਨ, ਜਿਨ੍ਹਾਂ ਨੇ ਆਪਣੇ ਫੰਡ ਪੂਰੇ ਵਰਤਕੇ ਆਪਣੇ ਹਲਕੇ ਵਿੱਚ ਵਿਕਾਸ ਕਰਵਾਏ ਸਨ ਪਰ ਇਸਦਾ ਕਦੇ ਉਨ੍ਹਾਂ ਨੇ ਪ੍ਰਚਾਰ ਕਰਕੇ ਸਿਆਸੀ ਲਾਹਾ ਲੈਣ ਦਾ ਯਤਨ ਨਹੀਂ ਕੀਤਾ।