Maharashtra :ਅਸਮਾਨ ‘ਚ ਧੂੜ ਦੇ ਗੁਬਾਰ ਵਿੱਚ ਫਸਿਆ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਹੈਲੀਕਾਪਟਰ
– ਜਾਣੋ ਕਿਵੇਂ ਬਚੀ ਜਾਨ?
ਮੁੰਬਈ, 7 ਮਈ (ਵਿਸ਼ਵ ਵਾਰਤਾ): ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਅੱਜ ਬਾਲ ਬਾਲ ਬਚ ਗਏ। ਹੈਲੀਕਾਪਟਰ ਨੂੰ ਵੀਰਵਾਰ ਨੂੰ ਮੁੰਬਈ ਦੇ ਨੇੜੇ ਅਚਾਨਕ ਆਏ ਧੂੜ ਭਰੇ ਤੂਫ਼ਾਨ ਦਾ ਸਾਹਮਣਾ ਕਰਨਾ ਪਿਆ। ਤੇਜ਼ ਹਵਾਵਾਂ ਅਤੇ ਖ਼ਰਾਬ ਵਿਜ਼ੀਬਿਲਟੀ ਕਾਰਨ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਪਾਇਲਟ ਦੀ ਸੂਝ-ਬੂਝ ਅਤੇ ਚੌਕਸੀ ਸਦਕਾ ਇੱਕ ਵੱਡਾ ਹਾਦਸਾ ਟਲ ਗਿਆ। ਰਾਹਤ ਦੀ ਗੱਲ ਇਹ ਰਹੀ ਕਿ ਏਕਨਾਥ ਸ਼ਿੰਦੇ ਸਮੇਤ ਹੈਲੀਕਾਪਟਰ ਵਿੱਚ ਸਵਾਰ ਸਾਰੇ 8 ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਜਾਣਕਾਰੀ ਅਨੁਸਾਰ, ਉਪ-ਮੁੱਖ ਮੰਤਰੀ ਏਕਨਾਥ ਸ਼ਿੰਦੇ ਅੱਜ ਦੁਪਹਿਰ 3:30 ਵਜੇ ਦੱਖਣੀ ਮੁੰਬਈ ਦੇ ਮਹਾਲਕਸ਼ਮੀ ਰੇਸਕੋਰਸ ਤੋਂ ਹੈਲੀਕਾਪਟਰ ਰਾਹੀਂ ਠਾਣੇ ਜ਼ਿਲ੍ਹੇ ਦੇ ਮੁਰਬਾਡ ਲਈ ਰਵਾਨਾ ਹੋਏ ਸਨ। ਉਨ੍ਹਾਂ ਨੇ ਇੱਕ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨੀ ਸੀ। ਪਰ ਰਸਤੇ ਵਿੱਚ ਕਲਿਆਣ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਅਚਾਨਕ ਆਈ ਧੂੜ ਭਰੀ ਹਨੇਰੀ ਵਿੱਚ ਉਨ੍ਹਾਂ ਦਾ ਹੈਲੀਕਾਪਟਰ ਫਸ ਗਿਆ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਦਾ ਹੈਲੀਕਾਪਟਰ ਨਵੀਂ ਮੁੰਬਈ ਪਹੁੰਚਿਆ, ਤਾਂ ਮੌਸਮ ਨੇ ਅਚਾਨਕ ਕਰਵਟ ਲੈ ਲਈ। ਤੇਜ਼ ਹਵਾਵਾਂ ਅਤੇ ਧੂੜ ਦੀ ਸੰਘਣੀ ਚਾਦਰ ਨੇ ਹੈਲੀਕਾਪਟਰ ਨੂੰ ਚਾਰੇ ਪਾਸਿਓਂ ਘੇਰ ਲਿਆ। ਹੈਲੀਕਾਪਟਰ ਕਰੀਬ 10 ਤੋਂ 15 ਮਿੰਟ ਤੱਕ ਧੂੜ ਦੇ ਇਸ ਗੁਬਾਰ ਵਿੱਚ ਫਸਿਆ ਰਿਹਾ। ਤੇਜ਼ ਹਵਾਵਾਂ ਅਤੇ ਹਵਾ ਵਿੱਚ ਫੈਲੀ ਧੂੜ ਕਾਰਨ ਵਿਜ਼ੀਬਿਲਟੀ ਕਾਫ਼ੀ ਘੱਟ ਗਈ ਸੀ, ਜਿਸ ਕਾਰਨ ਪਾਇਲਟ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਸਥਿਤੀ ਗੰਭੀਰ ਹੁੰਦੀ ਦੇਖ ਪਾਇਲਟ ਨੇ ਤੁਰੰਤ ਫੈਸਲਾ ਲੈਂਦਿਆਂ ਹੈਲੀਕਾਪਟਰ ਨੂੰ ਵਾਪਸ ਮੁੰਬਈ ਵੱਲ ਮੋੜ ਦਿੱਤਾ। ਇਸ ਤੋਂ ਬਾਅਦ ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਪਵਨ ਹੰਸ ਦੇ ਜੁਹੂ ਸਥਿਤ ਹੈਲੀਪੈਡ ‘ਤੇ ਕਰਵਾਈ ਗਈ। ਪਾਇਲਟ ਵੱਲੋਂ ਸਮੇਂ ਸਿਰ ਲਏ ਗਏ ਫੈਸਲੇ ਕਾਰਨ ਸੰਭਾਵੀ ਵੱਡਾ ਹਾਦਸਾ ਟਲ ਗਿਆ।























