‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਨਵ-ਨਿਯੁਕਤ ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਦਰਬਾਰ ਸਾਹਿਬ ਹੋਏ ਨਤਮਸਤਕ
ਨਵੀਂ ਲੀਡਰਸ਼ਿਪ ਨਾਲ ਹੋਵੇਗੀ ‘ਅਸਲੀ ਪੰਜਾਬ’ ਦੀ ਸਿਰਜਣਾ – ਬਾਪੂ ਤਰਸੇਮ ਸਿੰਘ
ਅੰਮ੍ਰਿਤਸਰ, 6ਮਈ(ਵਿਸ਼ਵ ਵਾਰਤਾ) ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਨਵ-ਨਿਯੁਕਤ ਯੂਥ ਪੰਜਾਬ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਬਾਪੂ ਤਰਸੇਮ ਸਿੰਘ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਗੁਰੂ ਚਰਨਾਂ ਵਿੱਚ ਅਰਦਾਸ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਹੈ।
ਉਨ੍ਹਾਂ ਪੰਜਾਬ ਦੀ ਸਮੁੱਚੀ ਨੌਜਵਾਨੀ ਨੂੰ ਆਵਾਜ਼ ਮਾਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਨੌਜਵਾਨ ਅੱਗੇ ਆਉਣ ਅਤੇ ਗੁਰੂਆਂ ਦੇ ਸੰਕਲਪ ਅਨੁਸਾਰ ‘ਅਸਲੀ ਪੰਜਾਬ’ ਦੀ ਸਿਰਜਣਾ ਕਰਨ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਪੰਜਾਬ ਨੂੰ ਨਸ਼ਿਆਂ, ਝੂਠੇ ਮੁਕਾਬਲਿਆਂ ਅਤੇ ਨਫ਼ਰਤ ਦੀ ਰਾਜਨੀਤੀ ਰਾਹੀਂ ਬਰਬਾਦ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ “ਬੁੱਢੀ ਸਿਆਸਤ” ਨੇ ਪੰਜਾਬ ਦਾ ਬਹੁਤ ਸਮਾਂ ਖ਼ਰਾਬ ਕਰ ਦਿੱਤਾ ਹੈ, ਇਸ ਲਈ ਹੁਣ ਵਿਦਾਨ ਸਭਾ ਚੋਣਾਂ ਵਿੱਚ ਨੌਜਵਾਨ ਮੁੰਡੇ-ਕੁੜੀਆਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਜੋ ਸੂਬੇ ਨੂੰ ਇੱਕ ਸੁਚੱਜੀ ਅਤੇ ਨਵੀਂ ਲੀਡਰਸ਼ਿਪ ਮਿਲ ਸਕੇ।
ਬੇਅਦਬੀ ਦੇ ਕਾਨੂੰਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਸਰਕਾਰ ਨੂੰ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਸਿੱਖ ਸੰਸਥਾਵਾਂ ਅਤੇ ਅਕਾਲ ਤਖ਼ਤ ਸਾਹਿਬ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰੂ ਸਾਹਿਬ ਦਾ ਸਤਿਕਾਰ ਸਭ ਤੋਂ ਉੱਪਰ ਹੈ ਅਤੇ ਪੰਜਾਬ ਦੀ ਹੋਂਦ ਗੁਰੂ ਦੇ ਓਟ ਆਸਰੇ ‘ਤੇ ਹੀ ਟਿਕੀ ਹੋਈ ਹੈ। ਅੰਤ ਵਿੱਚ ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇੱਕਜੁੱਟ ਹੋ ਕੇ ਪੰਜਾਬ ਦੇ ਹਾਲਾਤ ਸੁਧਾਰਨ ਦੀ ਅਪੀਲ ਕੀਤੀ।























