Supreme Court ‘ਚ ਵਧੇਗੀ ਜੱਜਾਂ ਦੀ ਗਿਣਤੀ, ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ
ਨਵੀ ਦਿੱਲੀ, 5 ਮਈ 2026 (ਵਿਸ਼ਵ ਵਾਰਤਾ): ਕੇਂਦਰੀ ਕੈਬਨਿਟ ਨੇ ਇੱਕ ਅਹਿਮ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਫੈਸਲੇ ਤਹਿਤ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧਾਈ ਜਾਵੇਗੀ। ਮੌਜੂਦਾ ਸਮੇਂ ਵਿੱਚ ਮੁੱਖ ਜੱਜ (CJI) ਸਮੇਤ ਕੁੱਲ 34 ਜੱਜ ਹਨ। ਹੁਣ ਇਸ ਗਿਣਤੀ ਨੂੰ ਵਧਾ ਕੇ 38 ਕਰਨ ਦਾ ਟੀਚਾ ਰੱਖਿਆ ਗਿਆ ਹੈ।
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਫੈਸਲੇ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ, ‘ਮੌਜੂਦਾ ਸਮੇਂ ਵਿੱਚ ਸੁਪਰੀਮ ਕੋਰਟ ਵਿੱਚ 33 ਜੱਜ ਅਤੇ ਇੱਕ ਸੀ.ਜੇ.ਆਈ. (CJI) ਹਨ। ਜੱਜਾਂ ਦੀ ਗਿਣਤੀ ਵਿੱਚ ਚਾਰ ਦਾ ਵਾਧਾ ਕਰਨ ਲਈ ਸੰਸਦ ਦੇ ਅਗਲੇ ਸੈਸ਼ਨ ਵਿੱਚ ਇੱਕ ਬਿੱਲ ਲਿਆਂਦਾ ਜਾਵੇਗਾ।’ ਸੰਸਦ ਤੋਂ ਮਨਜ਼ੂਰੀ ਮਿਲਦੇ ਹੀ ਸੁਪਰੀਮ ਕੋਰਟ ਵਿੱਚ ਮੁੱਖ ਜੱਜ ਸਮੇਤ ਕੁੱਲ 38 ਜੱਜ ਹੋ ਜਾਣਗੇ।
ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਨਾਲ ਸਬੰਧਤ ਐਕਟ 1956 ਦੇ ਮੂਲ ਰੂਪ ਵਿੱਚ ਮੁੱਖ ਜੱਜ ਤੋਂ ਇਲਾਵਾ ਸਿਰਫ਼ 10 ਜੱਜਾਂ ਦੀ ਵਿਵਸਥਾ ਸੀ। ਸਮੇਂ ਦੇ ਨਾਲ ਇਸ ਵਿੱਚ ਕਈ ਸੋਧਾਂ ਹੋਈਆਂ। 1960 ਵਿੱਚ ਇਹ ਗਿਣਤੀ ਵਧਾ ਕੇ 13 ਕਰ ਦਿੱਤੀ ਗਈ ਸੀ। ਬਾਅਦ ਵਿੱਚ ਇੱਕ ਹੋਰ ਸੋਧ ਰਾਹੀਂ ਇਸ ਨੂੰ 17 ਕਰ ਦਿੱਤਾ ਗਿਆ। 1986 ਵਿੱਚ ਜੱਜਾਂ ਦੀ ਗਿਣਤੀ 17 ਤੋਂ ਵਧਾ ਕੇ 25 ਕੀਤੀ ਗਈ ਸੀ।
ਸਾਲ 2009 ਵਿੱਚ ਦੁਬਾਰਾ ਸੋਧ ਹੋਈ, ਉਦੋਂ ਜੱਜਾਂ ਦੀ ਗਿਣਤੀ 25 ਤੋਂ ਵਧਾ ਕੇ 30 ਕਰ ਦਿੱਤੀ ਗਈ ਸੀ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਆਖਰੀ ਵਾਰ ਸਾਲ 2019 ਵਿੱਚ ਵਧਾਈ ਗਈ ਸੀ। ਉਸ ਸਮੇਂ ਮੂਲ ਐਕਟ ਵਿੱਚ ਸੋਧ ਕਰਕੇ ਜੱਜਾਂ ਦੀ ਗਿਣਤੀ (ਮੁੱਖ ਜੱਜ ਨੂੰ ਛੱਡ ਕੇ) 30 ਤੋਂ ਵਧਾ ਕੇ 33 ਕੀਤੀ ਗਈ ਸੀ। ਹੁਣ 2026 ਵਿੱਚ ਇਸ ਨੂੰ ਮੁੜ ਵਧਾਉਣ ਦੀ ਤਿਆਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/





















