West Bengal Election Results : ਬੰਗਾਲ ‘ਚ ਪਹਿਲੀ ਵਾਰ ਬਣਨ ਜਾ ਰਹੀ ਹੈ ਭਾਜਪਾ ਸਰਕਾਰ! ਪਾਰਟੀ ਹੈੱਡਕੁਆਰਟਰ ‘ਤੇ ਜਸ਼ਨ ਸ਼ੁਰੂ
ਨਵੀ ਦਿੱਲੀ, 4 ਮਈ (ਵਿਸ਼ਵ ਵਾਰਤਾ): ਪੱਛਮੀ ਬੰਗਾਲ ਦੀਆਂ 293 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਫਿਲਹਾਲ ਪੱਛਮੀ ਬੰਗਾਲ ਦੇ ਸ਼ੁਰੂਆਤੀ ਰੁਝਾਨ ਮੁਤਾਬਕ ਭਾਜਪਾ ਨੇ ਬਹੁਮਤ ਦਾ 148 ਵਾਲਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ। ਉੱਥੇ ਹੀ ਦੁਪਹਿਰ ਤੱਕ ਨਤੀਜੇ ਵੀ ਸਾਹਮਣੇ ਆਉਣ ਲੱਗਣਗੇ।
ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਦੋ ਪੜਾਵਾਂ ਵਿੱਚ ਚੋਣਾਂ ਕਰਵਾਈਆਂ ਗਈਆਂ ਸਨ। ਪਹਿਲੇ ਪੜਾਅ ਦੀ ਵੋਟਿੰਗ 23 ਅਪ੍ਰੈਲ ਨੂੰ ਜਦੋਂਕਿ ਦੂਜੇ ਪੜਾਅ ਦੀ ਵੋਟਿੰਗ 29 ਅਪ੍ਰੈਲ ਨੂੰ ਹੋਈ ਸੀ। ਵੋਟਿੰਗ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਪੱਛਮੀ ਬੰਗਾਲ ਵਿੱਚ ਵੱਡਾ ਉਲਟਫੇਰ ਹੁੰਦਾ ਨਜ਼ਰ ਆ ਰਿਹਾ ਹੈ। ਸੂਬੇ ਵਿੱਚ ਭਾਜਪਾ ਪਹਿਲੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। ਹੁਣ ਤੱਕ ਦੀ ਗਿਣਤੀ ਅਨੁਸਾਰ ਭਾਜਪਾ ਸੂਬੇ ਵਿੱਚ 190 ਤੋਂ ਵੱਧ ਸੀਟਾਂ ‘ਤੇ ਅੱਗੇ ਚੱਲ ਰਹੀ ਹੈ। ਬੰਗਾਲ ਵਿੱਚ ਪਹਿਲੀ ਵਾਰ ਸੱਤਾ ਹਾਸਲ ਕਰਨ ਵਾਲੀ ਪਾਰਟੀ ਦੇ ਵਰਕਰ ਜੰਮ ਕੇ ਜਸ਼ਨ ਮਨਾ ਰਹੇ ਹਨ।
ਰੁਝਾਨਾਂ ਵਿੱਚ ਭਾਜਪਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਪਾਰਟੀ ਨੇ ਦਿੱਲੀ ਸਥਿਤ ਮੁੱਖ ਦਫ਼ਤਰ ਵਿੱਚ ਵੀ ਜਸ਼ਨ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਅੱਜ ਸ਼ਾਮ 6:30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਜਪਾ ਮੁੱਖ ਦਫ਼ਤਰ ਜਾਣਗੇ। ਚੋਣ ਨਤੀਜਿਆਂ ਤੋਂ ਬਾਅਦ ਪੀਐਮ ਮੋਦੀ ਨਾ ਸਿਰਫ਼ ਜਿੱਤ ਦਾ ਜਸ਼ਨ ਮਨਾਉਣਗੇ, ਸਗੋਂ ਵਰਕਰਾਂ ਨੂੰ ਸੰਬੋਧਨ ਵੀ ਕਰਨਗੇ।
ਰਾਜਧਾਨੀ ਦਿੱਲੀ ਵਿੱਚ ਭਾਜਪਾ ਮੁੱਖ ਦਫ਼ਤਰ ਵਿੱਚ ਜਿੱਥੇ ਜਲੇਬੀ ਅਤੇ ਪੂੜੀਆਂ ਬਣਦੀਆਂ ਨਜ਼ਰ ਆਈਆਂ, ਉੱਥੇ ਹੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਭਾਜਪਾ ਦੇ ਵੱਡੇ ਆਗੂ ਮਿਲ ਕੇ ‘ਝਾਲਮੁੜੀ ਪਾਰਟੀ’ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇੱਕ-ਦੂਜੇ ਨੂੰ ਰਸਗੁੱਲੇ ਵੀ ਖੁਆ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























