Chandigarh ਵਿੱਚ ਭਲਕੇ NEET-2026 ਦੀ ਪ੍ਰੀਖਿਆ: 2854 ਉਮੀਦਵਾਰ ਦੇਣਗੇ EXAM
– ਜਾਣੋ ਮੋਬਾਈਲ – ਸਮਾਰਟ ਵਾਚ ਸਣੇ ਕਿਹੜੀਆਂ ਚੀਜਾਂ ‘ਤੇ ਰਹੇਗੀ ਪਾਬੰਦੀ
ਚੰਡੀਗੜ੍ਹ, 2 ਮਈ 2026 (ਵਿਸ਼ਵ ਵਾਰਤਾ) – ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ 3 ਮਈ ਨੂੰ ਕਰਵਾਈ ਜਾਣ ਵਾਲੀ NEET-2026 ਪ੍ਰੀਖਿਆ ਲਈ ਚੰਡੀਗੜ੍ਹ ਵਿੱਚ ਕੁੱਲ 6 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਕੇਂਦਰਾਂ ‘ਤੇ ਕੁੱਲ 2,854 ਉਮੀਦਵਾਰ ਪ੍ਰੀਖਿਆ ਦੇਣਗੇ। ਉਮੀਦਵਾਰਾਂ ਦੇ ਦਾਖਲੇ ਲਈ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1:30 ਵਜੇ ਤੱਕ ਤੈਅ ਕੀਤਾ ਗਿਆ ਹੈ। ਪ੍ਰੀਖਿਆ ਨੂੰ ਸ਼ਾਂਤੀਪੂਰਵਕ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।
ਐਸ.ਡੀ.ਐਮ. (ਸਾਊਥ) ਚੰਡੀਗੜ੍ਹ,ਨੇ NEET-2026 ਪ੍ਰੀਖਿਆ ਨੂੰ ਲੈ ਕੇ ਸਾਰੀਆਂ ਤਿਆਰੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਸੈਂਟਰ ਸੁਪਰਡੈਂਟਾਂ, ਸੁਪਰਵਾਈਜ਼ਰਾਂ ਅਤੇ ਪ੍ਰਸ਼ਾਸਨ ਵੱਲੋਂ ਤਾਇਨਾਤ ਕੀਤੇ ਗਏ 6 ਡਿਊਟੀ ਮੈਜਿਸਟ੍ਰੇਟਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਪ੍ਰੀਖਿਆ ਨਿਰਪੱਖ, ਸ਼ਾਂਤੀਪੂਰਵਕ ਅਤੇ ਬਿਨਾਂ ਕਿਸੇ ਰੁਕਾਵਟ ਦੇ ਮੁਕੰਮਲ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਸਾਰੇ ਉਮੀਦਵਾਰਾਂ ਲਈ ਐਡਮਿਟ ਕਾਰਡ ਦੇ ਨਾਲ ਇੱਕ ਅਸਲ ਪਛਾਣ ਪੱਤਰ ਲਿਆਉਣਾ ਲਾਜ਼ਮੀ ਹੋਵੇਗਾ। ਪਛਾਣ ਲਈ ਵੋਟਰ ਆਈਡੀ, ਆਧਾਰ ਕਾਰਡ ਜਾਂ ਰਾਸ਼ਨ ਕਾਰਡ ਵਿੱਚੋਂ ਕੋਈ ਵੀ ਇੱਕ ਅਸਲ ਦਸਤਾਵੇਜ਼ ਨਾਲ ਰੱਖਣਾ ਜ਼ਰੂਰੀ ਹੈ, ਤਾਂ ਜੋ ਪ੍ਰੀਖਿਆ ਕੇਂਦਰ ‘ਤੇ ਵੈਰੀਫਿਕੇਸ਼ਨ ਵਿੱਚ ਕੋਈ ਦਿੱਕਤ ਨਾ ਆਵੇ।ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਸਿਰਫ਼ ਪਾਰਦਰਸ਼ੀ (ਟ੍ਰਾਂਸਪੇਰੈਂਟ) ਪਾਣੀ ਦੀ ਬੋਤਲ ਲਿਜਾਣ ਦੀ ਇਜਾਜ਼ਤ ਹੋਵੇਗੀ।
ਪ੍ਰੀਖਿਆਰਥੀ ਆਪਣੇ ਨਾਲ ਮੋਬਾਈਲ ਫ਼ੋਨ, ਸਮਾਰਟ ਵਾਚ, ਬਲੂਟੁੱਥ ਡਿਵਾਈਸ, ਨੋਟਸ ਜਾਂ ਕਿਸੇ ਵੀ ਹੋਰ ਕਿਸਮ ਦੀ ਇਲੈਕਟ੍ਰਾਨਿਕ ਜਾਂ ਪਾਬੰਦੀਸ਼ੁਦਾ ਵਸਤੂ ਨੂੰ ਨਹੀਂ ਲਿਜਾ ਸਕਣਗੇ। ਪ੍ਰੀਖਿਆ ਕੇਂਦਰਾਂ ‘ਤੇ ਸਖ਼ਤ ਚੈਕਿੰਗ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਹੋ ਸਕਦੀ ਹੈ। ਸਾਰੇ ਉਮੀਦਵਾਰਾਂ ਦੀ ਬਾਇਓਮੈਟ੍ਰਿਕ ਹਾਜ਼ਰੀ ਦਰਜ ਕੀਤੀ ਜਾਵੇਗੀ, ਤਾਂ ਜੋ ਪਾਰਦਰਸ਼ਤਾ ਬਣੀ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਸੰਭਾਵਨਾ ਖ਼ਤਮ ਹੋ ਸਕੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























