Punjab: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ ਅੱਜ
ਚੰਡੀਗੜ੍ਹ, 25 ਅਪ੍ਰੈਲ 2026 – ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤੀਜੀ ਬਰਸੀ ਅੱਜ 25 ਅਪ੍ਰੈਲ 2026 ਮਨਾਈ ਜਾ ਰਹੀ ਹੈ। ਦੱਸ ਦਈਏ ਕਿ 25 ਅਪ੍ਰੈਲ 2023 ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ 95 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋਇਆ ਸੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਸਭ ਤੋਂ ਲੰਬਾ ਸਮਾਂ ਇਸ ਅਹੁਦੇ ‘ਤੇ ਰਹੇ।
ਉਨ੍ਹਾਂ ਦੀ ਤੀਜੀ ਬਰਸੀ ਮੌਕੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਉਂਦਿਆਂ ਕਿਹਾ ਕਿ, “ਅੱਜ ਸਰਦਾਰ ਪਰਕਾਸ਼ ਸਿੰਘ ਜੀ ਬਾਦਲ ਸਾਬ੍ਹ ਦੀ ਤੀਜੀ ਬਰਸੀ ਹੈ ਤੇ ਮਨ ਭਾਵੁਕ ਹੈ। ਸੰਗਤ ਨਾਲ ਵਿਚਰਦਿਆਂ ਕੋਈ ਅਜਿਹਾ ਦਿਨ ਨਹੀਂ ਹੋਵੇਗਾ, ਜਦੋਂ ਉਨ੍ਹਾਂ ਦਾ ਜ਼ਿਕਰ ਨਾ ਹੋਇਆ ਹੋਵੇ। ਬਾਦਲ ਸਾਬ੍ਹ ਦੇ ਵਿਚਾਰਾਂ ਦੀ ਖ਼ੁਸ਼ਬੂ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰ ਦੀ ਹਰ ਗਲ਼ੀ, ਹਰ ਮੁਹੱਲੇ ਤੇ ਹਰ ਘਰ ਵਿਚ ਫੈਲੀ ਹੋਈ ਹੈ ਤੇ ਹਮੇਸ਼ਾ ਫੈਲੀ ਰਹੇਗੀ।
ਅੱਜ ਜਦੋਂ ਰਾਜਨੀਤੀ ਅਤੇ ਜਨਤਕ ਜੀਵਨ ਵਿਚ ਆਏ ਨਿਘਾਰ ਤੋਂ ਹਰ ਸੰਵੇਦਨਸ਼ੀਲ ਦੇਸ਼ ਵਾਸੀ, ਹਰ ਪੰਜਾਬੀ ਤੇ ਖ਼ਾਸ ਕਰਕੇ ਹਰ ਸਿੱਖ ਚਿੰਤਤ ਹੈ ਤਾਂ ਬਾਦਲ ਸਾਬ੍ਹ ਦੀ ਗ਼ੈਰ ਮੌਜੂਦਗੀ ਸਭ ਨੂੰ ਹੋਰ ਵੀ ਤੀਬਰਤਾ ਨਾਲ ਮਹਿਸੂਸ ਹੋ ਰਹੀ ਹੈ। ਜਿਸ ਨਿਮਰਤਾ, ਸਹਿਣਸ਼ੀਲਤਾ ਤੇ ਦੂਰਅੰਦੇਸ਼ੀ ਸੋਚ ਨਾਲ ਉਨ੍ਹਾਂ ਨੇ ਜ਼ਿੰਦਗੀ ਵਿਚ ਹਰ ਔਕੜ ਦਾ ਸਾਹਮਣਾ ਕੀਤਾ ਅਤੇ ਨਿੱਜੀ ਤਲਕੀਫ ਬਾਰੇ ਖਾਮੋਸ਼ ਰਹਿ ਕੇ ਪੰਜਾਬੀਆਂ ਦੇ ਹਰ ਦੁੱਖ ਦਰਦ ਅਤੇ ਜ਼ਰੂਰਤ ਨੂੰ ਆਵਾਜ਼ ਦਿੱਤੀ, ਉਹ ਮੇਰੇ ਲਈ, ਸ਼੍ਰੋਮਣੀ ਅਕਾਲੀ ਦਲ ਲਈ, ਖ਼ਾਲਸਾ ਪੰਥ ਲਈ ਤੇ ਸਮੂਹ ਪੰਜਾਬੀਆਂ ਲਈ ਹਮੇਸ਼ਾ ਇੱਕ ਪ੍ਰੇਰਣਾ ਅਤੇ ਮਾਰਗ ਦਰਸ਼ਕ ਦਾ ਕੰਮ ਕਰਦੀ ਰਹੇਗੀ।
ਪੰਜਾਬ ਦੇ ਅਮਨ, ਸ਼ਾਂਤੀ, ਭਾਈਚਾਰਕ ਸਾਂਝ, ਖ਼ੁਸ਼ਹਾਲੀ ਅਤੇ ਪੰਥਕ ਵਿਰਸੇ ਨੂੰ ਸਾਂਭਣ ਅਤੇ ਹੋਰ ਬੁਲੰਦੀ ‘ਤੇ ਲੈ ਜਾਣ ਲਈ ਜੋ ਉੱਚੇ ਮਿਆਰ ਉਨ੍ਹਾਂ ਨੇ ਸਥਾਪਿਤ ਕੀਤੇ, ਮੈਂ ਵਾਅਦਾ ਕਰਦਾ ਹਾਂ ਕਿ ਮੈਂ ਖ਼ੁਦ ਅਤੇ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਉਹਨਾਂ ਤੋਂ ਸੇਧ ਤੇ ਪ੍ਰੇਰਨਾ ਲੈ ਕੇ ਪੰਥ, ਪੰਜਾਬ ਤੇ ਪੰਜਾਬੀਅਤ ਦੀ ਸੇਵਾ ਵਿੱਚ ਹਰ ਪਲ ਜੁਟੇ ਰਹਾਂਗੇ। ਅੱਜ ਦੇ ਦਿਨ ਆਪਣੇ ਸਭ ਦੇ ਸਤਿਕਾਰਯੋਗ ਬਾਦਲ ਸਾਬ੍ਹ ਦੀ ਬਰਸੀ ਮੌਕੇ ਉਨ੍ਹਾਂ ਨੂੰ ਨਮਨ ਅੱਖਾਂ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ।”
ਉਨ੍ਹਾਂ ਦੀ ਤੀਜੀ ਬਰਸੀ ਦੇ ਮੌਕੇ ‘ਤੇ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਰਾਜਨੀਤਿਕ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਪੰਥ, ਪੰਜਾਬ ਤੇ ਪੰਜਾਬੀਅਤ ਲਈ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੂੰ ਯਾਦ ਕੀਤਾ ਹੈ। ਉਨ੍ਹਾਂ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਵਿਕਾਸ ਲਈ ਕੀਤੇ ਕੰਮਾਂ ਕਰਕੇ ਹਮੇਸ਼ਾ ਯਾਦ ਕੀਤਾ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















