Noida ‘ਚ ਹਾਲਾਤ ਤਣਾਅਪੂਰਨ! ਪ੍ਰਦਰਸ਼ਨਕਾਰੀਆਂ ਨੇ ਸਾੜੀਆਂ ਗੱਡੀਆਂ ਤੇ ਕਈ ਫੈਕਟਰੀਆਂ ਦੀ ਭੰਨਤੋੜ
– ਜਾਣੋ ਕਿਹੜੀ ਮੰਗ ਨੂੰ ਲੈ ਕੇ ਵਧਿਆ ਵਿਵਾਦ
ਉੱਤਰ ਪ੍ਰਦੇਸ਼, 13 ਅਪ੍ਰੈਲ (ਵਿਸ਼ਵ ਵਾਰਤਾ): ਨੋਇਡਾ ਵਿੱਚ ਅੱਜ ਕਰਮਚਾਰੀਆਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ। ਜ਼ਿਲ੍ਹੇ ਵਿੱਚ ਕਈ ਥਾਵਾਂ ‘ਤੇ ਕਰਮਚਾਰੀ/ਮਜ਼ਦੂਰ ਤਨਖਾਹਾਂ ਵਧਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲੋਂ ਬਹੁਤ ਘੱਟ ਤਨਖਾਹ ‘ਤੇ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਤਨਖਾਹ ਤੋਂ ਇਲਾਵਾ ਵੀ ਮਜ਼ਦੂਰਾਂ ਨੇ ਕਈ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਹੈ। ਨੋਇਡਾ ਵਿੱਚ ਇਹ ਪ੍ਰਦਰਸ਼ਨ ਪਿਛਲੇ 4 ਦਿਨਾਂ ਤੋਂ ਜਾਰੀ ਸੀ। ਹਾਲਾਂਕਿ, ਸੋਮਵਾਰ ਨੂੰ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰਨ ਕਰ ਗਿਆ।
ਪ੍ਰਦਰਸ਼ਨ ਕਾਰਨ ਸਭ ਤੋਂ ਪਹਿਲਾਂ ਹਾਲਾਤ ਫੇਜ਼-2 ਇਲਾਕੇ ਵਿੱਚ ਖ਼ਰਾਬ ਹੋਏ। ਸੁਣਵਾਈ ਨਾ ਹੋਣ ਕਾਰਨ ਕਰਮਚਾਰੀ ਭੜਕ ਗਏ ਅਤੇ ਪਥਰਾਅ ਕਰ ਦਿੱਤਾ। ਕਈ ਗੱਡੀਆਂ ਅਤੇ ਬੱਸਾਂ ਨੂੰ ਅੱਗ ਲਗਾ ਦਿੱਤੀ ਗਈ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀ ਗੱਡੀ ਪਲਟ ਦਿੱਤੀ। ਹਾਲਾਤ ਵਿਗੜਦੇ ਦੇਖ ਕਈ ਥਾਣਿਆਂ ਦੀ ਫੋਰਸ ਮੌਕੇ ‘ਤੇ ਪਹੁੰਚੀ, ਪਰ ਕਰਮਚਾਰੀਆਂ ਨੇ ਉਨ੍ਹਾਂ ‘ਤੇ ਵੀ ਪਥਰਾਅ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਸਾਰੇ ਰਸਤਿਆਂ ‘ਤੇ ਬੈਰੀਕੇਡਿੰਗ ਕਰ ਦਿੱਤੀ।
ਫੇਜ਼-2 ਤੋਂ ਬਾਅਦ ਇਹ ਪ੍ਰਦਰਸ਼ਨ ਹੌਲੀ-ਹੌਲੀ ਨੋਇਡਾ ਦੇ ਕਰੀਬ 10 ਉਦਯੋਗਿਕ (ਇੰਡਸਟਰੀਅਲ) ਇਲਾਕਿਆਂ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਵਿੱਚ ਫੈਲ ਗਿਆ। ਕਰਮਚਾਰੀਆਂ ਨੇ ਨੋਇਡਾ ਸੈਕਟਰ-57 ਵਿੱਚ 30 ਤੋਂ ਵੱਧ ਫੈਕਟਰੀਆਂ ਅਤੇ ਦਫ਼ਤਰਾਂ ਵਿੱਚ ਤੋੜ-ਫੋੜ ਕੀਤੀ। ਕਰਮਚਾਰੀਆਂ ਨੇ ਨੋਇਡਾ ਦੇ ਵੱਖ-ਵੱਖ ਖੇਤਰਾਂ ਵਿੱਚ ਕਈ ਮੁੱਖ ਸੜਕਾਂ ‘ਤੇ ਜਾਮ ਲਗਾ ਦਿੱਤਾ। ਇਸ ਨਾਲ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਦੂਜੇ ਪਾਸੇ, ਪ੍ਰਸ਼ਾਸਨ ਕਰਮਚਾਰੀਆਂ ਨੂੰ ਅਫ਼ਵਾਹਾਂ ਵੱਲ ਧਿਆਨ ਨਾ ਦੇਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਿਹਾ ਹੈ। ਕਰਮਚਾਰੀਆਂ ਨੂੰ ਸਮਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























