Health Tips :ਗਰਮੀ ਤੇ ਲੂ ਤੋਂ ਬਚਣਾ ਹੈ ਤਾਂ ਅਪਣਾਓ ਦੇਸੀ ਤਰੀਕਾ
– ਜਾਣੋ ਘੜੇ ਦਾ ਪਾਣੀ ਪੀਣ ਦੇ ਅਨੇਕਾਂ ਫਾਇਦੇ
ਚੰਡੀਗੜ੍ਹ, 12 ਅਪ੍ਰੈਲ (ਵਿਸ਼ਵ ਵਾਰਤਾ) – ਗਰਮੀ, ਲੂ ਅਤੇ ਹੁੰਮਸ ਦੇ ਇਸ ਮੌਸਮ ਵਿੱਚ ਠੰਢੇ ਪਾਣੀ ਦੀ ਤਲਬ ਹਰ ਕਿਸੇ ਨੂੰ ਸਤਾਉਣ ਲਗਦੀ ਹੈ। ਜ਼ਿਆਦਾਤਰ ਲੋਕ ਅਜਿਹੇ ‘ਚ ਰਾਹਤ ਲਈ ਫਰਿੱਜ ਦਾ ਠੰਢਾ ਪਾਣੀ ਪੀਂਦੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਈ ਵਾਰ ਇਸ ਨਾਲ ਗਲਾ ਖਰਾਬ ਹੋ ਜਾਂਦਾ ਹੈ ਜਾਂ ਪੇਟ ਸਬੰਧੀ ਸਮੱਸਿਆਵਾਂ ਵਧ ਜਾਂਦੀਆਂ ਹਨ। ਅਜਿਹੇ ਵਿੱਚ ਮਿੱਟੀ ਦੇ ਘੜੇ ਦਾ ਪਾਣੀ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦਾ ਹੈ। ਗਰਮੀਆਂ ਦੇ ਮੌਸਮ ਵਿੱਚ, ਮਿੱਟੀ ਦੇ ਘੜੇ ਦਾ ਪਾਣੀ ਫਰਿੱਜ ਦੇ ਪਾਣੀ ਨਾਲੋਂ ਬਿਹਤਰ ਅਤੇ ਸੁਰੱਖਿਅਤ ਮੰਨਿਆ ਜਾਂਦਾ ਹੈ।
ਸੁਆਦ ਅਤੇ ਠੰਢਕ ਦੇ ਨਾਲ-ਨਾਲ ਘੜੇ ਦਾ ਪਾਣੀ ਸਿਹਤ ਨੂੰ ਕਈ ਮਹੱਤਵਪੂਰਨ ਫਾਇਦੇ ਵੀ ਦਿੰਦਾ ਹੈ। ਮਿੱਟੀ ਦੇ ਘੜੇ ਵਿੱਚ ਰੱਖਿਆ ਪਾਣੀ ਕੁਦਰਤੀ ਤੌਰ ‘ਤੇ ਠੰਢਾ ਰਹਿੰਦਾ ਹੈ ਅਤੇ ਇਸ ਦੇ ਗੁਣ ਬਰਕਰਾਰ ਰਹਿੰਦੇ ਹਨ।
ਸਿਹਤ ਮਾਹਿਰਾਂ ਦੇ ਮੁਤਾਬਕ ਇਹ ਪਾਣੀ ਗਲੇ ਤੋਂ ਲੈ ਕੇ ਅੰਤੜੀਆਂ ਤੱਕ ਲਈ ਫਾਇਦੇਮੰਦ ਹੈ। ਬਿਮਾਰ ਵਿਅਕਤੀ ਵੀ ਇਸ ਨੂੰ ਬਿਨਾਂ ਕਿਸੇ ਚਿੰਤਾ ਦੇ ਪੀ ਸਕਦੇ ਹਨ। ਮਿੱਟੀ ਦੇ ਕਾਰਨ ਇਸ ਵਿੱਚ ਕੁਦਰਤੀ ਪੋਸ਼ਕ ਤੱਤ ਮਿਲ ਜਾਂਦੇ ਹਨ, ਜੋ ਸਰੀਰ ਲਈ ਲਾਭਕਾਰੀ ਹੁੰਦੇ ਹਨ।
ਘੜੇ ਵਿੱਚ ਰੱਖੇ ਪਾਣੀ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਮਿੱਟੀ ਪਾਣੀ ਦੀਆਂ ਅਸ਼ੁੱਧੀਆਂ ਨੂੰ ਸੋਖ ਲੈਂਦੀ ਹੈ। ਇਸ ਨਾਲ ਸਰੀਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
ਫਰਿੱਜ ਦਾ ਪਾਣੀ ਅਕਸਰ ਗਲੇ ਵਿੱਚ ਖਰਾਸ਼, ਪਿੱਤ ਜਾਂ ਹੋਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਜਦਕਿ ਘੜੇ ਦਾ ਪਾਣੀ ਇਨ੍ਹਾਂ ਸਭ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਘੜੇ ਦੇ ਪਾਣੀ ਵਿੱਚ ਮਿਨਰਲਜ਼ (ਖਣਿਜਾਂ) ਦੀ ਮਾਤਰਾ ਵਧ ਜਾਂਦੀ ਹੈ, ਜਦਕਿ ਫਰਿੱਜ ਦੇ ਪਾਣੀ ਵਿੱਚ ਇਹ ਘੱਟ ਹੋ ਜਾਂਦੇ ਹਨ।
ਗਰਮੀ ਦੇ ਮੌਸਮ ਵਿੱਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ਸਿਹਤਮੰਦ ਅਤੇ ਤਰੋਤਾਜ਼ਾ ਰਹਿੰਦਾ ਹੈ।























